ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਭਗਵੰਤ ਮਾਨ, ਤੁਰੰਤ ਮੰਗਣ ਮੁਆਫੀ : ਸੁਖਬੀਰ ਬਾਦਲ
Tuesday, Jan 27, 2026 - 03:48 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸਾਜ਼ਿਸ਼ੀ ਤਰੀਕੇ ਨਾਲ ਭਾਈ ਕਨ੍ਹਈਆ ਜੀ ਦਾ ਇਤਿਹਾਸਿਕ ਹਵਾਲਾ ਦੇ ਕੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹੋਰਨਾਂ ਸੂਬਿਆਂ ਖ਼ਾਸ ਕਰਕੇ ਹਰਿਆਣਾ ਨੂੰ ਦੇਣ ਲਈ ਜਾਇਜ਼ ਠਹਿਰਾਉਣਾ ਨਿੰਦਣਯੋਗ ਅਤੇ ਇਤਿਹਾਸ ਦੀ ਬੇਅਦਬੀ ਹੈ। ਦਸਮ ਪਾਤਸ਼ਾਹ ਜੀ ਨੇ ਦਇਆ ਭਾਵਨਾ ਨਾਲ ਸੇਵਾ ਕਾਰਜ ਕਰਨ ਦੀ ਸਿੱਖਿਆ ਦਿੱਤੀ ਪਰ ਨਾਲ ਹੀ ਸਾਨੂੰ ਆਪਣੇ ਹੱਕਾਂ ਲਈ ਜੂਝਣਾ ਵੀ ਸਿਖਾਇਆ। ਸੁਖਬੀਰ ਨੇ ਕਿਹਾ ਕਿ ਭਾਈ ਕਨ੍ਹਈਆ ਜੀ ਵੱਲੋਂ ਜੰਗ ਦੇ ਮੈਦਾਨ ਵਿਚ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਦਇਆ ਅਤੇ ਮਨੁੱਖਤਾ ਦੀ ਉੱਚੀ ਮਿਸਾਲ ਸੀ ਪਰ ਪੰਜਾਬ ਦੇ ਜੀਵਨ ਸਰੋਤ ਦਰਿਆਈ ਪਾਣੀਆਂ ਨੂੰ ਲੁਟਾ ਦੇਣਾ ਬਿਲਕੁਲ ਵੱਖਰਾ ਵਿਸ਼ਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਨਾਲ ਸਬੰਧਤ ਸਾਬਕਾ ਮਹਿਲਾ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਬਦਲੇ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਮਾਮਲਾ ਪੰਜਾਬ ਦੇ ਦਰਿਆਈ ਪਾਣੀਆਂ ਲਈ ਬਣੇ ਰਿਪੇਰੀਅਨ ਅਧਿਕਾਰਾਂ (Riparian Rights) ਦਾ ਹੈ, ਨਾ ਕਿ ਦਾਨ ਦੇਣ ਦਾ। ਸੁਖਬੀਰ ਨੇ ਕਿਹਾ ਕਿ ਦਰਅਸਲ ਭਗਵੰਤ ਮਾਨ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਨਕਸ਼ੇ ਕਦਮਾਂ 'ਤੇ ਚੱਲ ਰਿਹਾ ਹੈ, ਜਿਸ ਨੇ ਇੰਦਰਾ ਗਾਂਧੀ ਅੱਗੇ ਸਮਰਪਣ ਕਰ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਇਸ ਧੋਖਾਧੜੀ ਨੂੰ ਕਦੇ ਵੀ ਸਿਰੇ ਨਹੀ ਚੜ੍ਹਨ ਦੇਵੇਗਾ। ਸੁਖਬੀਰ ਨੇ ਕਿਹਾ ਕਿ ਉਹ ਉਸਨੂੰ ਜਾਣਕਾਰੀ ਹਿੱਤ ਦੱਸਣਾ ਚਾਹੁੰਦੇ ਹਨ ਕਿ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਐੱਸ.ਵਾਈ.ਐਲ. ਨਹਿਰ ਨੂੰ ਡੀ-ਨੋਟੀਫਾਈ ਕਰਕੇ ਅਤੇ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਕੇ ਇਹ ਮੁੱਦਾ ਸਦਾ ਲਈ ਨਿਪਟਾ ਦਿੱਤਾ ਗਿਆ ਸੀ।
