ਕੰਧਾਂ ''ਤੇ ‘ਇਕ ਮੌਕਾ ਕੇਜਰੀਵਾਲ ਨੂੰ’ ਲਿਖ ਕੇ ‘ਆਪ’ ਨੇ ਪੰਜਾਬੀਆਂ ਨੂੰ ਠੱਗਿਆ: ਸੁਖਬੀਰ ਸਿੰਘ ਬਾਦਲ
Monday, Feb 02, 2026 - 03:07 PM (IST)
ਮੋਗਾ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ 'ਆਪ' ਪਾਰਟੀ ਨੇ 4 ਸਾਲਾਂ ਦੌਰਾਨ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਕੀਤਾ ਤੇ ਇਹ ਸਿਰਫ਼ ਪੰਜਾਬੀਆਂ ਨੂੰ ਗੁੰਮਰਾਹ ਕਰਦੀ ਹੈ। ਉਨ੍ਹਾਂ ਕਿਹਾ ਕਿ 2022 ’ਚ ਪੰਜਾਬ ਦੀਆਂ ਕੰਧਾਂ ’ਤੇ ‘ਇਕ ਮੌਕਾ ਕੇਜਰੀਵਾਲ ਨੂੰ’ ਲਿਖ ਕੇ ‘ਆਪ’ ਪਾਰਟੀ ਨੇ ਪੰਜਾਬੀਆਂ ਨੂੰ ਠੱਗਿਆ ਹੈ, ਪ੍ਰੰਤੂ ਹੁਣ ਕਦੇ ਵੀ ਪੰਜਾਬੀ ਇਸ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।
ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਆਗੂ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕਾ, ਟਕਸਾਲੀ ਅਕਾਲੀ ਆਗੂ ਹਰਭੁਪਿੰਦਰ ਸਿੰਘ ਲਾਡੀ ਤੇ ਹੋਰ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ ਮੌਕੇ ਮੌਜੂਦ ਸੰਗਤ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ, ਕੋਈ ਸਿਆਸੀ ਪਾਰਟੀ ਨਹੀਂ ਹੈ, ਇਹ ਪੰਜਾਬ ਦੇ ਹਰ ਵਰਗ ਦੇ ਖ਼ੂਨ ਵਿਚ ਵਸੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਆਪਣਾ ਘਰ ਹੈ, ਕਾਂਗਰਸ, ਭਾਜਪਾ ਤੇ 'ਝਾੜੂ' ਵਾਲਿਆਂ ਲਈ ਪੰਜਾਬ ਘਰ ਨਹੀਂ ਹੈ। ਇਹ ਪਾਰਟੀਆਂ ਇੱਥੇ ਰਾਜ ਕਰਨ ਆਉਂਦੀਆਂ ਹਨ, ਜਦਕਿ ਅਕਾਲੀ ਦਲ ਸੇਵਾ ਕਰਨ ਲਈ ਆਉਂਦਾ ਹੈ।
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਵੀ ਅਕਾਲੀ ਦਲ ਨੂੰ ਮੌਕਾ ਮਿਲਿਆ, ਪੰਜਾਬ ਦੀ ਤਰੱਕੀ ਦੇ ਕੰਮ ਹੋਏ। ਪੰਜਾਬ ਦੀਆਂ ਸੜਕਾਂ, ਸਕੂਲ-ਕਾਲਜ, ਹਸਪਤਾਲ ਤੇ ਮੰਡੀਆਂ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਨਹਿਰਾਂ ਦਾ ਜਾਲ ਵਿਛਾ ਕੇ, ਵੱਡੇ ਡੈਮ ਬਣਾ ਕੇ ਸਾਰਿਆਂ ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ, ਤਾਂ ਹੀ ਅੱਜ ਲੋਕਾਂ ਦੇ ਚਿਹਰਿਆਂ ਤੇ ਖੁਸ਼ੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਤੁਸੀਂ ਜਿਸ ਚੰਗੇ ਪੰਜਾਬ ਨੂੰ ਵੇਖ ਰਹੇ ਹੋ, ਇਸ ਨੂੰ ਬਣਾਉਣ ਵਾਲਾ ਅਕਾਲੀ ਦਲ ਹੈ। ਜਦੋਂ ਦਾ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਗਿਆ ਤਾਂ ਹਾਲਾਤ ਖ਼ਰਾਬ ਹੋ ਗਏ ਹਨ। ਅੱਜ ਇੱਥੇ ਗੈਂਗਸਟਰ ਰਾਜ ਕਰ ਰਹੇ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਪੈਸਿਆਂ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ, ਵਿਕਾਸ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਜਿਹੜੀਆਂ ਸਹੂਲਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਸਭ ਕੁਝ ਬੰਦ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ 10 ਸਾਲਾਂ ਵਿਚ ਇਕ ਨਵੀਂ ਇੱਟ ਨਹੀਂ ਲੱਗੀ। 2022 ਵਿਚ ਆਮ ਆਦਮੀ ਪਾਰਟੀ ਨੇ ਕੰਧਾਂ 'ਤੇ 'ਇਕ ਮੌਕਾ ਕੇਜਰੀਵਾਲ ਨੂੰ' ਲਿਖ ਕੇ ਪੰਜਾਬੀਆਂ ਨੂੰ ਠੱਗ ਲਿਆ। ਹੁਣ ਲੋਕਾਂ ਨੇ ਕੇਜਰੀਵਾਲ ਨੂੰ ਮੌਕਾ ਦੇਖ ਕੇ ਵੇਖ ਲਿਆ ਹੈ ਪੰਜਾਬ ਦੇ ਕੀ ਹਾਲਾਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਕੋਈ ਨਾ ਕੋਈ ਨਵਾਂ ਆਵੇਗਾ ਤੇ ਡਰਾਮੇ ਕਰੇਗਾ, ਕੇਂਦਰ ਦੀਆਂ ਤਾਕਤਾਂ ਲੱਗੀਆਂ ਹਨ ਅਕਾਲੀ ਦਲ ਨੂੰ ਕਮਰਜ਼ੋਰ ਕਰਨ 'ਤੇ। ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਸਾਡੇ ਗੁਰੂ ਘਰਾਂ 'ਤੇ ਵੀ ਕਬਜ਼ੇ ਹੋ ਗਏ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ 'ਤੇ ਸਰਕਾਰਾਂ ਨੇ ਕਬਜ਼ਾ ਕਰ ਲਿਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਭਾਜਪਾ ਨੇ ਕਬਜ਼ਾ ਕਰ ਲਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਦੀ ਵੱਖਰੀ ਬਣਾ ਦਿੱਤੀ ਤੇ ਹਰਿਆਣਾ ਦਾ ਮੁੱਖ ਮੰਤਰੀ ਉਸ ਦਾ ਪ੍ਰਧਾਨ ਬਣਾਉਂਦਾ ਹੈ। ਕਿਸਾਨ ਅੰਦੋਲਨ ਵੇਲੇ ਹਰਿਆਣੇ ਦੀ ਪੁਲਸ ਗੁਰੂ ਘਰਾਂ ਵਿਚ ਰਹਿੰਦੀ ਸੀ। ਇਹ ਲੋਕ ਤਾਂ ਐੱਸ.ਜੀ.ਪੀ.ਸੀ. 'ਤੇ ਵੀ ਕਬਜ਼ਾ ਕਰਨ ਤੇ ਲੱਗੇ ਸੀ, ਪਰ ਆਪਣੇ ਮੈਂਬਰਾਂ ਨੇ ਬਚਾ ਲਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾਾ ਕਿ ਉਦੋਂ ਦੇ ਜਥੇਦਾਰ ਹੁਣ 'ਨਵੇਂ ਚੁੱਲ੍ਹੇ' ਦੇ ਪ੍ਰਧਾਨ ਬਣੇ ਫ਼ਿਰਦੇ ਹਨ, ਉਹ ਆਪ ਮੰਨਦਾ ਹੈ ਕਿ ਉਹ ਸੁਖਬੀਰ ਬਾਦਲ ਨੂੰ 10 ਸਾਲ ਲਈ ਪਾਰਟੀ ਤੋਂ ਕੱਢਣਾ ਚਾਹੁੰਦਾ ਸੀ। ਇਹ ਲੋਕ ਅਕਾਲੀ ਦਲ ਨੂੰ ਤੋੜਣਾ ਚਾਹੁੰਦੇ ਸੀ, ਕੇਂਦਰ ਦੀਆਂ ਏਜੰਸੀਆਂ ਚਾਹੁੰਦੀਆਂ ਹਨ ਕਿ ਅਕਾਲੀ ਦਲ ਦਾ ਪ੍ਰਧਾਨ ਸਾਡਾ ਬਣੇ, ਜਿਸ ਨੂੰ ਅਸੀਂ ਜੋ ਚਾਹੀਏ ਉਹੀ ਕਰੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਝੁਕੇ ਸੀ ਤੇ ਨਾ ਹੀ ਮੈਂ ਝੁੱਕ ਸਕਦਾ ਹਾਂ। ਮੇਰੇ ਲਈ ਸਿੱਖ ਕੌਮ , ਪੰਜਾਬ ਤੇ ਅਕਾਲੀ ਦਲ ਦਾ ਮਾਣ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਸਾਰਿਆਂ ਨੂੰ ਵਿਧਾਨ ਸਭਾ ਚੋਣਾਂ ਲਈ ਇਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਖੇਤਰੀ ਪਾਰਟੀ ਨੂੰ ਲਿਆਉਣਾ ਪਵੇਗਾ। ਆਪਣੇ ਗੁਰੂ ਘਰਾਂ ਤੇ ਆਪਣਾ ਕੰਟਰੋਲ ਤਾਂ ਹੀ ਵਾਪਸ ਆਵੇਗਾ ਜਦੋਂ ਖੇਤਰੀ ਪਾਰਟੀ ਦਾ ਝੰਡਾ ਝੁੱਲੇਗਾ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ।
ਉਨ੍ਹਾਂ ਆਸ ਜਤਾਈ ਕਿ ਮੋਗਾ ਦੀਆਂ ਚਾਰੋ ਸੀਟਾਂ ਅਕਾਲੀ ਦਲ ਜਿੱਤੇਗਾ।
