ਲੁਟੇਰਿਆਂ ਨੇ ਔਰਤ ਤੋਂ ਖੋਹਿਆ ਪਰਸ, ਲੋਕਾਂ ਨੇ ਫੜ੍ਹ ਕੇ ਕੀਤੀ ਛਿੱਤਰ-ਪਰੇਡ

Friday, Jan 30, 2026 - 03:26 PM (IST)

ਲੁਟੇਰਿਆਂ ਨੇ ਔਰਤ ਤੋਂ ਖੋਹਿਆ ਪਰਸ, ਲੋਕਾਂ ਨੇ ਫੜ੍ਹ ਕੇ ਕੀਤੀ ਛਿੱਤਰ-ਪਰੇਡ

ਜਲਾਲਾਬਾਦ (ਬੰਟੀ ਦਹੂਜਾ) : ਜਲਾਲਾਬਾਦ ਦੇ ਭੀੜ-ਭੜੱਕੇ ਵਾਲੇ ਇਲਾਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੋਡ 'ਤੇ ਰਾਤ ਦੇ ਸਮੇਂ ਗੁੰਡਾਗਰਦੀ ਅਤੇ ਖੋਹ-ਖਿੱਚ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਇੱਕ ਰਾਹਗੀਰ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ। ਸਥਾਨਕ ਲੋਕਾਂ ਦੀ ਮੁਸਤੈਦੀ ਕਾਰਨ ਇੱਕ ਲੁਟੇਰੇ ਨੂੰ ਫੜ੍ਹਨ 'ਚ ਕਾਮਯਾਬੀ ਮਿਲੀ, ਜਦੋਂ ਕਿ ਦੂਜਾ ਮੌਕੇ ਤੋਂ ਭੱਜ ਗਿਆ। 
ਹਿੰਮਤ ਅਤੇ ਰੌਲੇ ਨੇ ਵਿਗਾੜਿਆ ਲੁਟੇਰਿਆਂ ਦਾ ਖੇਡ
ਬਿੱਲੀਮਾਰ ਦੀ ਰਹਿਣ ਵਾਲੀ ਔਰਤ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਗੁਰਦੁਆਰਾ ਰੋਡ ਤੋਂ ਲੰਘ ਰਹੀ ਸੀ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਆਏ ਅਤੇ ਝਪੱਟਾ ਮਾਰ ਕੇ ਉਸਦਾ ਪਰਸ ਖੋਹ ਲਿਆ। ਚਰਨਜੀਤ ਕੌਰ ਨੇ ਬਿਨਾਂ ਡਰੇ ਤੁਰੰਤ ਰੌਲਾ ਪਾ ਦਿੱਤਾ, ਜਿਸ ਕਾਰਨ ਸੜਕ 'ਤੇ ਮੌਜੂਦ ਰਾਹਗੀਰ ਅਤੇ ਦੁਕਾਨਦਾਰ ਤੁਰੰਤ ਹਰਕਤ ਵਿੱਚ ਆ ਗਏ।
ਲੋਕਾਂ ਨੇ ਘੇਰਾਬੰਦੀ ਕਰਕੇ ਲੁਟੇਰਿਆਂ ਨੂੰ ਡੇਗਿਆ
ਰੌਲਾ ਸੁਣ ਕੇ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਹੜਬੜਾਹਟ ਅਤੇ ਲੋਕਾਂ ਦੇ ਘੇਰੇ ਦੇ ਡਰ ਤੋਂ ਲੁਟੇਰਿਆਂ ਦਾ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਡਿੱਗ ਪਿਆ। ਇਸ ਦਾ ਫ਼ਾਇਦਾ ਚੁੱਕੇ ਕੇ ਮੌਕੇ 'ਤੇ ਮੌਜੂਦ ਭੀੜ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਇੱਕ ਲੁਟੇਰੇ ਨੂੰ ਦਬੋਚ ਲਿਆ, ਜਦਕਿ ਦੂਜਾ ਫ਼ਰਾਰ ਹੋ ਗਿਆ।
ਗੁੱਸੇ ਵਿੱਚ ਆਈ ਭੀੜ ਨੇ ਕੀਤੀ ਛਿੱਤਰ ਪਰੇਡ
ਫੜ੍ਹੇ ਗਏ ਲੁਟੇਰੇ ਪ੍ਰਤੀ ਲੋਕਾਂ 'ਚ ਭਾਰੀ ਰੋਸ ਦੇਖਿਆ ਗਿਆ। ਸਥਾਨਕ ਨਿਵਾਸੀਆਂ ਨੇ ਮੌਕੇ 'ਤੇ ਹੀ ਲੁਟੇਰੇ ਦੀ ਜੰਮ ਕੇ 'ਛਿੱਤਰ ਪਰੇਡ' ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਨਸ਼ਾ ਇੰਨਾ ਵੱਧ ਗਿਆ ਹੈ ਕਿ ਇਹ ਨਸ਼ੇੜੀ ਨੌਜਵਾਨ ਰਾਤ ਦੇ ਹਨ੍ਹੇਰੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਨਹੀਂ ਝਿਜਕ ਰਹੇ।
ਪੁਲਸ ਦੇ ਹਵਾਲੇ ਕੀਤਾ ਮੁਲਜ਼ਮ
ਧੁਨਾਈ ਤੋਂ ਬਾਅਦ ਲੋਕਾਂ ਨੇ ਲੁਟੇਰੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਸਥਾਨਕ ਨਿਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਰੋਡ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਰਾਤ ਦੇ ਸਮੇਂ ਗਸ਼ਤ ਵਧਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਸਕੇ।


author

Babita

Content Editor

Related News