ਦੇਸ਼ ਭਰ ''ਚ ਬੈਂਕ ਮੁਲਾਜ਼ਮਾਂ ਦੀ ਹੜਤਾਲ, ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ

Tuesday, Jan 27, 2026 - 02:07 PM (IST)

ਦੇਸ਼ ਭਰ ''ਚ ਬੈਂਕ ਮੁਲਾਜ਼ਮਾਂ ਦੀ ਹੜਤਾਲ, ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ

ਜਲਾਲਾਬਾਦ (ਟੀਨੂੰ/ਸੁਮਿਤ) : ਅੱਜ ਦੇਸ਼ ਭਰ 'ਚ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ, ਜਿਸ ਕਾਰਨ ਬੈਂਕਿੰਗ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਇਸ ਹੜਤਾਲ ਦਾ ਸੱਦਾ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਵੱਲੋਂ ਦਿੱਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਬੈਂਕ ਯੂਨੀਅਨਾਂ ਸ਼ਾਮਲ ਹਨ। ਹੜਤਾਲ ਦੌਰਾਨ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬੜੌਦਾ, ਕੈਨਰਾ ਬੈਂਕ ਸਮੇਤ ਹੋਰ ਕਈ ਸਰਕਾਰੀ ਬੈਂਕਾਂ ਦੀਆਂ ਸ਼ਾਖਾਵਾਂ ‘ਤੇ ਕੰਮਕਾਜ ਠੱਪ ਰਿਹਾ। ਬੈਂਕਾਂ ਦੇ ਕਾਊਂਟਰ ਬੰਦ ਰਹਿਣ ਕਾਰਨ ਗਾਹਕਾਂ ਨੂੰ ਨਕਦ ਲੈਣ-ਦੇਣ, ਚੈਕ ਕਲੀਅਰੈਂਸ, ਪਾਸਬੁੱਕ ਅਪਡੇਟ ਅਤੇ ਹੋਰ ਦਫ਼ਤਰੀ ਕੰਮਾਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਬੈਂਕ ਯੂਨੀਅਨਾਂ ਦਾ ਮੁੱਖ ਮੰਗ ਇਹ ਹੈ ਕਿ ਬੈਂਕਾਂ ਵਿੱਚ ਵੀ ਹੋਰ ਸਰਕਾਰੀ ਵਿਭਾਗਾਂ ਵਾਂਗ ਪੰਜ ਦਿਨਾਂ ਦਾ ਕੰਮਕਾਜ ਹਫ਼ਤਾ ਲਾਗੂ ਕੀਤਾ ਜਾਵੇ, ਤਾਂ ਜੋ ਕਰਮਚਾਰੀਆਂ ‘ਤੇ ਵੱਧ ਰਹੇ ਕੰਮ ਦੇ ਦਬਾਅ ਨੂੰ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਯੂਨੀਅਨਾਂ ਵੱਲੋਂ ਖਾਲੀ ਅਸਾਮੀਆਂ ਭਰਨ, ਕਰਮਚਾਰੀਆਂ ਦੀ ਸੁਰੱਖਿਆ ਅਤੇ ਬਿਹਤਰ ਸਹੂਲਤਾਂ ਦੀ ਮੰਗ ਵੀ ਕੀਤੀ ਗਈ। ਹੜਤਾਲ ਕਾਰਨ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੈਂਕਾਂ ਬਾਹਰ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਕਈ ਲੋਕ ਬੈਂਕ ਬੰਦ ਹੋਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜ ਗਏ। ਹਾਲਾਂਕਿ, ਬੈਂਕ ਪ੍ਰਬੰਧਨ ਵੱਲੋਂ ਦੱਸਿਆ ਗਿਆ ਕਿ ਏਟੀਐਮ, ਯੂਪੀਆਈ, ਮੋਬਾਈਲ ਅਤੇ ਇੰਟਰਨੈੱਟ ਬੈਂਕਿੰਗ ਸੇਵਾਵਾਂ ਆਮ ਤੌਰ ‘ਤੇ ਚੱਲਦੀਆਂ ਰਹੀਆਂ, ਜਿਸ ਨਾਲ ਲੋਕਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲੀ। ਗਾਹਕਾਂ ਦਾ ਕਹਿਣਾ ਹੈ ਕਿ ਲਗਾਤਾਰ ਛੁੱਟੀਆਂ ਅਤੇ ਹੁਣ ਹੜਤਾਲ ਕਾਰਨ ਉਨ੍ਹਾਂ ਦੇ ਜ਼ਰੂਰੀ ਵਿੱਤੀ ਕੰਮ ਰੁਕ ਗਏ ਹਨ। ਉੱਥੇ ਹੀ ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਵੱਲੋਂ ਮੰਗਾਂ ‘ਤੇ ਗੰਭੀਰਤਾ ਨਾਲ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਅੰਦੋਲਨ ਵੀ ਕੀਤੇ ਜਾ ਸਕਦੇ ਹਨ। 


author

Babita

Content Editor

Related News