ਗੈਸ ਏਜੰਸੀ ਦੇ ਡਿਲੀਵਰੀ ਬੁਆਏ ਨਾਲ ਲੁੱਟ! ਲੋਕਾਂ ਵੱਲੋਂ ਫੜੇ ਜਾਣ ਤੋਂ ਬਾਅਦ ਵੀ ਭੱਜ ਗਏ ਲੁਟੇਰੇ
Saturday, Jan 24, 2026 - 04:15 PM (IST)
ਲੁਧਿਆਣਾ (ਖ਼ੁਰਾਨਾ): 26 ਜਨਵਰੀ ਮੌਕੇ ਸ਼ਹਿਰ 'ਚ ਸੁਰੱਖਿਆ ਪ੍ਰਬੰਧਾਂ ਦੇ ਵੱਡੇ-ਵੱਡੇ ਦਾਅਵੇ ਕਰ ਰਰਹੀ ਪੁਲਸ ਤੇ ਪ੍ਰਸ਼ਾਸਨ ਦੇ ਖੋਖਲੇ ਦਾਅਵਿਆਂ ਦੀ ਲੁਟੇਰਿਆਂ ਨੇ ਫੂਕ ਕੱਢ ਦਿੱਤੀ ਹੈ। ਤਾਜ਼ਾ ਘਟਨਾ ਸ਼ਿਮਲਾਪੁਰੀ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਗੋਵਿੰਦ ਨਗਰ ਦੀ ਗਲੀ ਨੰਬਰ 4 ਵਿਚ ਹਥਿਆਰਬੰਦ ਲੁਟੇਰਿਆਂ ਵੱਲੋਂ ਬੱਚਨ ਗੈਸ ਏਜੰਸੀ ਦੇ ਇਕ ਡਿਲੀਵਰੀ ਮੈਨ ਨੂੰ ਲੁੱਟਣ ਦੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ, ਗੈਸ ਏਜੰਸੀ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦਾ ਡਿਲੀਵਰੀ ਮੈਨ ਸਵੇਰੇ 11 ਵਜੇ ਦੇ ਕਰੀਬ ਇਲਾਕੇ ਵਿਚ ਘਰੇਲੂ ਸਿਲੰਡਰ ਪਹੁੰਚਾ ਰਿਹਾ ਸੀ। ਇਸ ਦੌਰਾਨ ਚਾਰ-ਪੰਜ ਹਥਿਆਰਬੰਦ ਲੁਟੇਰਿਆਂ ਨੇ ਡਿਲੀਵਰੀ ਮੈਨ ਨੂੰ ਘੇਰ ਲਿਆ ਅਤੇ ਉਸ ਤੋਂ ਨਕਦੀ ਲੁੱਟ ਲਈ। ਡਿਲੀਵਰੀ ਮੈਨ ਨੇ ਕਿਸੇ ਤਰੀਕੇ ਮਾਮਲੇ ਦੀ ਜਾਣਕਾਰੀ ਏਜੰਸੀ ਮਾਲਕ ਨੂੰ ਦਿੱਤੀ ਤੇ ਨਾਲ ਹੀ ਰੌਲ਼ਾ ਪਾ ਦਿੱਤਾ।
ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਗੈਸ ਏਜੰਸੀ ਦੇ ਮੁਲਾਜ਼ਮਾਂ ਤੇ ਇਲਾਕਾ ਵਾਸੀਆਂ ਨੇ ਕੁਝ ਲੁਟੇਰਿਆਂ ਨੂੰ ਕਾਬੂ ਕਰ ਲਿਆ, ਪਰ ਸ਼ਾਤਰ ਲੁਟੇਰੇ ਮੌਕਾ ਵੇਖ ਕੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਐਕਟਿਵ ਲੁਟੇਰਿਆਂ ਵੱਲੋਂ ਬੱਚਨ ਗੈਸ ਏਜੰਸੀ ਦੇ ਕਰਮਚਾਰੀਆਂ ਤੋਂ ਪਿਛਲੇ ਤਕਰੀਬਨ ਇਕ ਮਹੀਨੇ ਦੌਰਾਨ ਇਹ ਪੰਜਵੀਂ ਵਾਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਲੁਟੇਰੇ ਅੱਜ ਵੀ ਬੇਖ਼ੌਫ਼ ਹੋ ਕੇ ਇਲਾਕੇ ਵਿਚ ਘੁੰਮ ਰਹੇ ਹਨ, ਜਦਕਿ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।
