ਮੋਦੀ ਨੇ ਗ਼ਰੀਬਾਂ ਨੂੰ ਹੱਕ ਦਿੱਤਾ, ਪੰਜਾਬ ਸਰਕਾਰ ਨੇ ਉਨ੍ਹਾਂ ਦਾ ਚੁੱਲ੍ਹਾ ਕੀਤਾ ਠੰਢਾ : ਅਸ਼ਵਨੀ ਸ਼ਰਮਾ

Thursday, Feb 05, 2026 - 11:36 AM (IST)

ਮੋਦੀ ਨੇ ਗ਼ਰੀਬਾਂ ਨੂੰ ਹੱਕ ਦਿੱਤਾ, ਪੰਜਾਬ ਸਰਕਾਰ ਨੇ ਉਨ੍ਹਾਂ ਦਾ ਚੁੱਲ੍ਹਾ ਕੀਤਾ ਠੰਢਾ : ਅਸ਼ਵਨੀ ਸ਼ਰਮਾ

ਚੰਡੀਗੜ੍ਹ/ਕੁਰਾਲੀ (ਅੰਕੁਰ)- ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਵਿਕਸਿਤ ਭਾਰਤ–ਜੀ-ਰਾਮ ਯੋਜਨਾ ਦੇ ਹੱਕ ’ਚ ਖਰੜ ’ਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ਼ਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਹੈ ਜਦਕਿ ਪੰਜਾਬ ਸਰਕਾਰ ਨੇ ਇਨ੍ਹਾਂ ਦਾ ਚੁੱਲ੍ਹਾ ਠੰਢਾ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਹਰ ਯੋਜਨਾ ਦਾ ਕੇਂਦਰ ਬਿੰਦੂ ਗ਼ਰੀਬਾਂ ਦੀ ਭਲਾਈ ਹੈ ਪਰ ਪੰਜਾਬ ਸਰਕਾਰ ਸਿਰਫ਼ ਝੂਠੇ ਦਾਅਵੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਨਰੇਗਾ ਦੀ ਥਾਂ ਜੀ ਰਾਮ ਜੀ ਯੋਜਨਾ ਲਾਗੂ ਹੋਣ ਨਾਲ ਭ੍ਰਿਸ਼ਟਾਚਾਰ ’ਤੇ ਵੱਡੀ ਚੋਟ ਪਈ ਹੈ ਅਤੇ ਮਜ਼ਦੂਰਾਂ ਦੀ ਦਿਹਾੜੀ ਸਿੱਧੀ ਉਨ੍ਹਾਂ ਦੇ ਖਾਤਿਆਂ ’ਚ ਜਾ ਰਹੀ ਹੈ। ਮੋਦੀ ਸਰਕਾਰ ਨੇ ਮਨਰੇਗਾ ’ਚ ਵੱਡੇ ਸੁਧਾਰ ਕਰਦਿਆਂ ਕੰਮ ਦੇ ਦਿਨ 125 ਤੱਕ ਵਧਾਏ ਹਨ, 7 ਦਿਨਾਂ ਅੰਦਰ ਭੁਗਤਾਨ ਦੀ ਗਾਰੰਟੀ ਦਿੱਤੀ ਹੈ ਅਤੇ ਜੇ 15 ਦਿਨਾਂ ਅੰਦਰ ਕੰਮ ਨਾ ਮਿਲੇ ਤਾਂ ਬੇਰੁਜ਼ਗਾਰੀ ਭੱਤਾ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਸਾਲਾਂ ਤੱਕ ਮਨਰੇਗਾ ਸਕੀਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਬਣਾਈ ਰੱਖਿਆ। ਹਜ਼ਾਰਾਂ ਕੇਸਾਂ ’ਚ ਭ੍ਰਿਸ਼ਟਾਚਾਰ ਸਾਹਮਣੇ ਆਉਣ ਦੇ ਬਾਵਜੂਦ ਨਾ ਤਾਂ ਦੋਸ਼ੀਆਂ ਤੋਂ ਰਕਮ ਵਸੂਲੀ ਗਈ ਅਤੇ ਨਾ ਹੀ ਕਿਸੇ ਨੂੰ ਸਜ਼ਾ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗ਼ਰੀਬਾਂ ਲਈ ਚੱਲ ਰਹੀ ਆਟਾ-ਦਾਲ ਸਕੀਮ ਬੰਦ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ ਜਦਕਿ ਅੱਜ ਵੀ ਪ੍ਰਧਾਨ ਮੰਤਰੀ ਅੰਨ ਯੋਜਨਾ ਤਹਿਤ ਕੇਂਦਰ ਸਰਕਾਰ ਮੁਫ਼ਤ ਅਨਾਜ ਭੇਜ ਰਹੀ ਹੈ। ਪੰਜਾਬ ਸਰਕਾਰ ਇਸ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਗ਼ਲਤ ਹੈ।

ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਗੈਂਗਸਟਰਵਾਦ, ਫਿਰੌਤੀ, ਗੋਲੀਬਾਰੀ ਤੇ ਨਸ਼ਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਤੇ ਅੱਜ ਪੰਜਾਬ ਡਰ ਦੇ ਸਾਏ ਹੇਠ ਜੀ ਰਿਹਾ ਹੈ। ਪੰਜਾਬ ਸਰਕਾਰ ਅਸਲ ’ਚ ਦਿੱਲੀ ਤੋਂ ਚੱਲ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਮੋਹਰਾ ਬਣ ਕੇ ਰਹਿ ਗਏ ਹਨ। ਇਸ ਮੌਕੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ, ਸੂਬਾ ਸਕੱਤਰ ਭਾਨੂ ਪ੍ਰਤਾਪ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸੂਬਾ ਲੀਗਲ ਸੈੱਲ ਦੇ ਕਨਵੀਨਰ ਐੱਨ. ਕੇ. ਵਰਮਾ, ਕਮਲਦੀਪ ਸੈਣੀ, ਰਣਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।


author

Anmol Tagra

Content Editor

Related News