''ਆਪ'' ਸਰਕਾਰ ਮੀਡੀਆ ਅਤੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹ ਰਹੀ : ਸੁਨੀਲ ਜਾਖੜ
Saturday, Jan 31, 2026 - 03:38 PM (IST)
ਚੰਡੀਗੜ੍ਹ (ਅੰਕੁਰ) : ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਅੱਜ ਇੱਥੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਹੋਈ। ਇਸ 'ਚ ਪਾਰਟੀ ਵੱਲੋਂ ਜਿੱਥੇ ਆਉਣ ਵਾਲੇ ਦਿਨਾਂ ਲਈ ਰਣਨੀਤੀ ਉਲੀਕੀ ਗਈ, ਉੱਥੇ ਹੀ ਪਾਰਟੀ ਵੱਲੋਂ ਦੋ ਪ੍ਰਮੁੱਖ ਮਤੇ ਪਾਸ ਕੀਤੇ ਗਏ। ਇਸ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਸ੍ਰੀ ਗੁਰੂ ਰਵਿਦਾਸ ਜੀ ਪ੍ਰਤੀ ਆਪਣਾ ਸਤਿਕਾਰ ਭੇਂਟ ਕਰਨ ਲਈ ਪੰਜਾਬ ਦਾ ਉਸ ਦਿਨ ਦੌਰਾ ਕਰ ਰਹੇ ਹਨ, ਜਿਸ ਦਿਨ ਸੰਸਦ ਵਿੱਚ ਬਜਟ ਵੀ ਪੇਸ਼ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਾਰਟੀ ਦੀ ਕੋਰ ਕਮੇਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦਿਆਂ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਸੇ ਤਰ੍ਹਾਂ ਪਾਰਟੀ ਵੱਲੋਂ ਪਾਸ ਕੀਤੇ ਦੂਜੇ ਮਤੇ ਦੀ ਗੱਲ ਕਰਦਿਆਂ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਐਨ ਪਹਿਲਾਂ ਜਿਸ ਤਰ੍ਹਾਂ ਜਲੰਧਰ 'ਚ ਬੰਬ ਸਬੰਧੀ ਦੇਸ਼ ਵਿਰੋਧੀ ਤਾਕਤਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਹ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਦੀ ਨਾਕਾਮੀ ਨੂੰ ਉਜਾਗਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਮਨ-ਕਾਨੂੰਨ ਦੀ ਸਥਿਤੀ ਸੰਭਾਲਣ ਵਿੱਚ ਨਾਕਾਮ ਰਹਿਣ 'ਤੇ ਪਾਰਟੀ ਵੱਲੋਂ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਵੀ ਸੁਰੱਖਿਆ ਸਥਿਤੀ ਇਸ ਤਰ੍ਹਾਂ ਦੀ ਹੈ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੇ ਡਰ ਵਾਲੇ ਮਾਹੌਲ ਵਿੱਚ ਜਿਊਣਾ ਪੈ ਰਿਹਾ ਹੈ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪੁਲਸ ਨੂੰ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਵਿੱਚ ਲਗਾਉਣ ਦੀ ਬਜਾਏ ਇਸ ਦੀ ਵਰਤੋਂ ਆਪਣੇ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਅਤੇ ਮੀਡੀਆ ਦੀ ਆਜ਼ਾਦੀ ਖੋਹਣ ਵਿੱਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਪੰਜਾਬ ਕੇਸਰੀ ਅਤੇ ਇਸ ਤੋਂ ਪਹਿਲਾਂ ਹੋਰ ਮੀਡੀਆ ਅਦਾਰਿਆਂ, ਸੁਤੰਤਰ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾ 'ਤੇ ਪੁਲਸ ਪਰਚੇ ਦਰਜ ਕੀਤੇ ਗਏ ਹਨ, ਉਹ ਇਸ ਸਰਕਾਰ ਤੇ ਉਸ ਰਵੱਈਏ ਦਾ ਪ੍ਰਮਾਣ ਹਨ, ਜਿਸ ਵਿੱਚ ਇਹ ਲੋਕਾਂ ਤੋਂ ਉਨ੍ਹਾਂ ਦੇ ਬੋਲਣ ਦੇ ਅਧਿਕਾਰ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੀ ਆਜ਼ਾਦੀ ਅਤੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦੀ ਇਸ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਸਿਰਫ ਮਖੌਟਾ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ ਇਸ ਲਈ ਕੇਜਰੀਵਾਲ ਨੂੰ ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਆਪ ਪਾਰਟੀ ਦਾ ਪਤਨ ਉਸ ਵੇਲੇ ਸ਼ੁਰੂ ਹੋਇਆ ਸੀ, ਜਦੋਂ ਉਨ੍ਹਾਂ ਵੱਲੋਂ ਬਣਾਏ ਸ਼ੀਸ਼ ਮਹਿਲ ਰੂਪੀ ਆਪਣੇ ਨਿਵਾਸ ਸਬੰਧੀ ਤੱਥ ਜਗ ਜ਼ਾਹਰ ਹੋਏ ਸਨ ਅਤੇ ਹੁਣ ਪੰਜਾਬ ਵਿੱਚ ਵੀ ਉਨ੍ਹਾਂ ਵੱਲੋਂ ਬਣਾਏ ਆਪਣੇ ਸ਼ੀਸ਼ ਮਹਿਲ ਦੇ ਭੇਤ ਖੁੱਲਣ ਲੱਗੇ ਹਨ। ਇਹ ਪੰਜਾਬ ਵਿੱਚੋਂ ਆਪ ਪਾਰਟੀ ਦੇ ਸਮਾਪਤੀ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੱਕਾ ਮਨ ਬਣਾ ਲਿਆ ਹੈ ਕਿ ਬਦਲਾਅ ਦੇ ਨਾਂ 'ਤੇ ਆਈ ਇਸ ਪਾਰਟੀ ਨੇ ਪੰਜਾਬ ਦਾ ਜੋ ਨੁਕਸਾਨ ਕੀਤਾ ਹੈ, ਇਸ ਨੂੰ ਹੋਰ ਨੁਕਸਾਨ ਕਰਨ ਤੋਂ ਰੋਕਣ ਲਈ ਅਗਲੀਆਂ ਚੋਣਾਂ ਵਿੱਚ ਇਸ ਨੂੰ ਪੰਜਾਬ ਦੀ ਸੱਤਾ ਵਿੱਚੋਂ ਬਾਹਰ ਕਰਨਾ ਹੈ।
