ਇਲਾਜ ਲਈ ਹਸਪਤਾਲ ਨੇ ਮੰਗੇ 3 ਲੱਖ, ਕੋਰੋਨਾ ਪਾਜ਼ੇਟਿਵ ਬੀਬੀ ਨੇ ਐਂਬੂਲੈਂਸ ''ਚ ਹੀ ਤੋੜਿਆ ਦਮ
Tuesday, Aug 11, 2020 - 06:03 PM (IST)
ਕੋਲਕਾਤਾ— ਪੱਛਮੀ ਬੰਗਾਲ ਵਿਚ ਇਲਾਜ ਲਈ 3 ਲੱਖ ਰੁਪਏ ਜਮਾਂ ਨਾ ਕਰਵਾ ਸਕਣ ਕਾਰਨ ਕੋਰੋਨਾ ਵਾਇਰਸ 'ਕੋਵਿਡ-19' ਤੋਂ ਪੀੜਤ ਇਕ 60 ਸਾਲਾ ਬੀਬੀ ਦੀ ਐਂਬੂਲੈਂਸ ਵਿਚ ਮੌਤ ਹੋ ਗਈ। ਲੈਲਾ ਬੀਬੀ ਨਾਮੀ ਬੀਬੀ ਦੇ ਕੋਰੋਨਾ ਪਾਜ਼ੇਟਿਵ ਪਤੀ ਦੀ ਮੌਤ ਸ਼ਨੀਵਾਰ ਨੂੰ ਸ਼ਹਿਰ ਦੇ ਇਕ ਹਸਪਤਾਲ 'ਚ ਹੋ ਗਈ ਸੀ। ਪਤੀ ਦਾ ਇਲਾਜ ਕਰਾਉਣ ਪੂਰਬੀ ਮੇਦੀਨੀਪੁਰ ਦੇ ਤਾਮਲੁਕ ਪਿੰਡ ਤੋਂ ਆਈ ਬੀਬੀ ਪਾਰਕ ਸਰਕਸ ਦੇ ਇਕ ਹਸਪਤਾਲ ਵਿਚ ਭਰਤੀ ਹੋਈ ਸੀ। ਬੀਬੀ ਦੇ ਪੁੱਤਰ ਨੇ ਦੋਸ਼ ਲਾਇਆ ਕਿ ਜਦੋਂ ਉਸ ਦੀ ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਤਾਂ ਹਸਪਤਾਲ 'ਚ ਕੋਵਿਡ-19 ਦਾ ਇਲਾਜ ਉਪਲੱਬਧ ਨਾ ਹੋਣ ਤੋਂ ਉਸ ਦੀ ਉੱਥੋਂ ਛੁੱਟੀ ਕਰ ਦਿੱਤੀ।
ਬੀਬੀ ਦੇ ਪੁੱਤਰ ਨੇ ਅੱਗੇ ਦੱਸਿਆ ਕਿ ਉਸ ਨੇ ਪ੍ਰਾਈਵੇਟ ਹਸਪਤਾਲ 'ਚ ਸੰਪਰਕ ਕੀਤਾ, ਜਿਸ ਨੇ ਉਸ ਤੋਂ ਤਿੰਨ ਲੱਖ ਰੁਪਏ ਐਡਵਾਂਸ ਵਿਚ ਜਮਾਂ ਕਰਨ ਲਈ ਕਿਹਾ। ਉਸ ਦੇ ਪੁੱਤਰ ਨੇ 80,000 ਅਤੇ 2 ਲੱਖ ਦੀਆਂ ਦੋ ਕਿਸ਼ਤਾਂ 'ਚ ਰਕਮ ਚੁਕਾਉਣ ਦੀ ਕੋਸ਼ਿਸ਼ ਕਰਨੀ ਚਾਹੀ ਪਰ ਹਸਪਤਾਲ ਪ੍ਰਸ਼ਾਸਨ ਨੇ ਸ਼ੁਰੂਆਤੀ ਚੈਕਅਪ ਤੋਂ ਬਾਅਦ ਹੀ 3 ਲੱਖ ਰੁਪਏ ਜਮ੍ਹਾਂ ਕਰਨ ਦੀ ਗੱਲ ਆਖੀ। ਪੈਸਿਆਂ ਦੇ ਇੰਤਜ਼ਾਮ ਵਿਚ 90 ਮਿੰਟ ਲੱਗੇ ਅਤੇ ਇਸ ਦੌਰਾਨ ਬਜ਼ੁਰਗ ਬੀਬੀ ਨੇ ਸੋਮਵਾਰ ਰਾਤ ਐਂਬੂਲੈਂਸ ਵਿਚ ਹੀ ਦਮ ਤੋੜ ਦਿੱਤਾ। ਓਧਰ ਹਸਪਤਾਲ ਪ੍ਰਸ਼ਾਸਨ ਨੇ ਹਾਲਾਂਕਿ ਇਸ ਦੋਸ਼ ਦਾ ਖੰਡਨ ਕਰਦੇ ਹੋਏ ਕਿਹਾ ਕਿ ਐਂਬੂਲੈਂਸ ਵਿਚ ਮ੍ਰਿਤਕ ਦੀ ਲਾਸ਼ ਨੂੰ ਲਿਆਂਦਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਾਰਾਜ਼ ਪਰਿਵਾਰ ਦੇ ਕੁਝ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ, ਜਿਸ ਬਾਅਦ ਥਾਣੇ ਦੀ ਪੁਲਸ ਮੌਕੇ 'ਤੇ ਪੁੱਜੀ।