ਬੁਢਲਾਡਾ ਹਸਪਤਾਲ ''ਚ ਵੱਡੀ ਲਾਪਰਵਾਹੀ ! ਬੱਚੇ ਨੇ ਕੁੱਖ ''ਚ ਹੀ ਤੋੜਿਆ ਦਮ, ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ
Tuesday, Mar 03, 2026 - 07:58 PM (IST)
ਬੁਢਲਾਡਾ, (ਬਾਂਸਲ) : ਸਰਕਾਰੀ ਜੱਚਾ-ਬੱਚਾ ਹਸਪਤਾਲ, ਬੁਢਲਾਡਾ ਵਿੱਚ ਵਾਪਰੀ ਇਕ ਦੁਖਦਾਈ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿੰਡ ਗੋਬਿੰਦਪੁਰਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮਹਿਲਾ ਦੇ ਗਰਭ ਅੰਦਰ ਬੱਚੇ ਦੀ ਮੌਤ ਹੋ ਗਈ, ਜਿਸ ਸਬੰਧੀ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ 2 ਮਾਰਚ ਦੀ ਦੁਪਹਿਰ ਮਹਿਲਾ ਨੂੰ ਨਿਯਮਿਤ ਜਾਂਚ ਲਈ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਹਾਲਤ ਸਧਾਰਣ ਦੱਸੀ ਗਈ ਅਤੇ 10 ਦਿਨਾਂ ਬਾਅਦ ਮੁੜ ਦਿਖਾਉਣ ਲਈ ਕਿਹਾ ਗਿਆ। ਮਹਿਲਾ ਵੱਲੋਂ ਹਲਕੇ ਦਰਦ ਬਾਰੇ ਜਾਣਕਾਰੀ ਵੀ ਦਿੱਤੀ ਗਈ ਸੀ।
ਉਨ੍ਹਾਂ ਦੇ ਮੁਤਾਬਕ ਸ਼ਾਮ ਸਮੇਂ ਦਰਦ ਵਿੱਚ ਅਚਾਨਕ ਵਾਧਾ ਹੋ ਗਿਆ, ਜਿਸ ਤੋਂ ਬਾਅਦ ਉਹ ਮਹਿਲਾ ਨੂੰ ਮੁੜ ਹਸਪਤਾਲ ਲੈ ਕੇ ਪਹੁੰਚੇ। ਪਰਿਵਾਰ ਦਾ ਕਹਿਣਾ ਹੈ ਕਿ ਉਸ ਵੇਲੇ ਅਲਟਰਾਸਾਊਂਡ ਦੀ ਸਹੂਲਤ ਹਸਪਤਾਲ ਵਿੱਚ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਨੂੰ ਜਾਂਚ ਲਈ ਬਾਹਰ ਭੇਜਿਆ ਗਿਆ। ਬਾਹਰ ਕਰਵਾਏ ਗਏ ਅਲਟਰਾਸਾਊਂਡ ਵਿੱਚ ਗਰਭ ਅੰਦਰ ਬੱਚੇ ਦੀ ਮੌਤ ਦੀ ਪੁਸ਼ਟੀ ਹੋਈ। ਪਰਿਵਾਰ ਵੱਲੋਂ ਮੀਡੀਆ ਅੱਗੇ ਆ ਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਡਿਊਟੀ ਰਿਕਾਰਡ, ਜਾਂਚ ਪ੍ਰਕਿਰਿਆ ਅਤੇ ਉਪਲਬਧ ਸਹੂਲਤਾਂ ਦੀ ਪੜਤਾਲ ਕੀਤੀ ਜਾਵੇ। ਇਸ ਸਬੰਧੀ ਔਰਤਾਂ ਦੀ ਮਾਹਰ ਡਾ. ਨਿਸ਼ਾ ਸਿੰਗਲਾ ਨੇ ਕਿਹਾ ਕਿ ਦੁਪਹਿਰ ਸਮੇਂ ਮਰੀਜ਼ਾ ਦੀ ਪੂਰੀ ਤਬੀਅਤ ਜਾਂਚ ਕੀਤੀ ਗਈ ਸੀ ਅਤੇ ਉਸ ਵੇਲੇ ਸਾਰੇ ਵਾਈਟਲ ਅਤੇ ਬੱਚੇ ਦੀ ਧੜਕਣ ਸਧਾਰਣ ਸੀ। ਉਨ੍ਹਾਂ ਮੁਤਾਬਕ ਕੋਈ ਐਮਰਜੈਂਸੀ ਲੱਛਣ ਨਹੀਂ ਸਨ ਅਤੇ ਰਾਤ ਸਮੇਂ ਮਰੀਜ਼ਾ ਨੂੰ ਲਿਆਂਦੇ ਜਾਣ ‘ਤੇ ਮੈਡੀਕਲ ਪ੍ਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਗਈ।
ਸਮਾਜ ਸੇਵੀਆਂ ਦੀ ਪ੍ਰਤੀਕਿਰਿਆ
ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕੁਝ ਸਮਾਜ ਸੇਵੀਆਂ ਨੇ ਕਿਹਾ ਕਿ ਇੱਕੋ ਦਿਨ ਦੁਪਹਿਰ ਸਧਾਰਣ ਰਿਪੋਰਟ ਅਤੇ ਰਾਤ ਨੂੰ ਗਰਭ ਅੰਦਰ ਮੌਤ ਹੋ ਜਾਣਾ ਗੰਭੀਰ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਾਰੇ ਰਿਕਾਰਡ ਅਤੇ ਪ੍ਰਕਿਰਿਆ ਦੀ ਨਿਰਪੱਖ ਜਾਂਚ ਕਰਕੇ ਹਕੀਕਤ ਸਾਹਮਣੇ ਲਿਆਂਦੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਫਿਲਹਾਲ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਜਾਰੀ ਹੈ। ਲਿਖਤੀ ਸ਼ਿਕਾਇਤ ਬਾਰੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਹਾਲਾਂਕਿ ਮੀਡੀਆ ਅੱਗੇ ਜਾਂਚ ਦੀ ਮੰਗ ਰੱਖੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
