ਵੋਟਿੰਗ ਸੂਚੀ ''ਚੋਂ ਹਟਾਇਆ ਗਿਆ ਜਵਾਲਾ ਗੁੱਟਾ ਦਾ ਨਾਂ

12/07/2018 4:30:22 PM

ਹੈਦਰਾਬਾਦ— ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਨਹੀਂ ਕਰ ਸਕੀ। ਵੋਟਿੰਗ ਸੂਚੀ ਤੋਂ ਉਨ੍ਹਾਂ ਦਾ ਨਾਂ ਕਥਿਤ ਤੌਰ 'ਤੇ ਗਾਇਬ ਮਿਲਿਆ। ਬੈਡਮਿੰਟਨ ਦੀ ਸਟਾਰ ਖਿਡਾਰੀ ਨੇ ਟਵਿੱਟਰ 'ਤੇ ਇਕ ਵੀਡੀਓ ਸੰਦੇਸ਼ 'ਚ ਕਿਹਾ,''ਮੈਂ ਆਪਣੇ ਨਾਂ ਦੀ ਜਾਂਚ ਕੀਤੀ ਸੀ ਅਤੇ ਇਸ ਲਈ ਅੱਜ ਮੈਂ (ਵੋਟਿੰਗ ਕਰਨ) ਗਈ ਪਰ ਮੇਰਾ ਨਾਂ ਵੋਟਿੰਗ ਸੂਚੀ 'ਚੋਂ ਗਾਇਬ ਸੀ। ਮੇਰਾ ਕਹਿਣਾ ਹੈ ਕਿ ਮੇਰੇ ਪਿਤਾ ਅਤੇ ਭੈਣ ਦਾ ਨਾਂ ਉਦੋਂ ਤੋਂ ਗਾਇਬ ਹੈ, ਜਦੋਂ ਤੋਂ ਅਸੀਂ ਇਸ ਦੀ ਆਨਲਾਈਨ ਜਾਂਚ ਕੀਤੀ ਸੀ।'' ਉਨ੍ਹਾਂ ਨੇ ਪੁੱਛਿਆ ਕਿ ਵੋਟਿੰਗ ਸੂਚੀ ਤੋਂ ਉਨ੍ਹਾਂ ਦਾ ਨਾਂ ਕਿਉਂ ਹਟਾਇਆ ਗਿਆ, ਜਦੋਂ ਕਿ ਪਿਛਲੇ 12 ਸਾਲਾਂ ਤੋਂ ਉਹ ਇਕ ਘਰ 'ਚ ਰਹਿ ਰਹੀ ਹੈ। 
ਜਵਾਲਾ ਨੇ ਕਿਹਾ ਕਿ ਜੇਕਰ ਨਾਂ ਕੱਟਿਆ ਜਾਂਦਾ ਹੈ ਤਾਂ ਸੰਬੰਧਤ ਵਿਅਕਤੀ ਨੂੰ ਯਕੀਨੀ ਤੌਰ 'ਤੇ ਸੂਚਿਤ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਨਾਂ ਵੋਟਿੰਗ ਸੂਚੀ 'ਚ ਹੈ ਅਤੇ ਉਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਜਵਾਲਾ ਦੇ ਪਿਤਾ ਕ੍ਰਾਂਤੀ ਗੁੱਟਾ ਨੇ ਦੱਸਿਆ ਕਿ ਲਗਭਗ ਇਕ ਮਹੀਨੇ ਪਹਿਲਾਂ ਜਵਾਲਾ ਦਾ ਨਾਂ ਵੋਟਿੰਗ ਸੂਚੀ 'ਚ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਵੋਟਿੰਗ ਸੂਚੀ 'ਚ ਨਾਂ ਦਰਜ ਕਰਵਾਉਣ ਦੀ ਆਨਲਾਈਨ ਕੋਸ਼ਿਸ਼ ਸਫ਼ਲ ਨਹੀਂ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੋਟ ਕੇਂਦਰ ਸ਼ਹਿਰ ਦੇ ਬੰਜਾਰਾ ਹਿਲਜ਼ 'ਚ ਸਥਿਤ ਹੈ। ਜਵਾਲ ਗੁੱਟਾ ਨੇ ਰਾਸ਼ਟਰਮੰਡਲ ਖੇਡ ਸਮੇਤ ਕਈ ਖੇਡ ਮੁਕਾਬਲਿਆਂ 'ਚ ਤਮਗੇ ਜਿੱਤੇ ਹਨ।


Related News