ਮਰੇ ਲੋਕਾਂ ਨੂੰ ਬਣਾ ਦਿੱਤਾ ਵੋਟਰ, ਜਿਊਂਦੇ ਲੋਕਾਂ ਦੇ ਨਾਂ ਸੂਚੀ ’ਚੋਂ ਗਾਇਬ
Monday, May 13, 2024 - 01:03 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਵਿਚ ਇਕ ਵਾਰ ਫਿਰ ਵੋਟਰ ਸੂਚੀ ਵਿਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਕਈ ਅਜਿਹੇ ਲੋਕਾਂ ਦੇ ਨਾਂ ਵੋਟਰ ਸੂਚੀ ਵਿਚ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਸੂਚੀ ਵਿਚੋਂ ਕਈ ਯੋਗ ਵੋਟਰਾਂ ਦੇ ਨਾਂ ਗਾਇਬ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸਾਰਾ ਮਾਮਲਾ ਸਦਰ ਤਹਿਸੀਲ ਖੇਤਰ ਦੇ ਵਿਜੇ ਲਕਸ਼ਮੀ ਨਗਰ ਇਲਾਕੇ ਦਾ ਹੈ। ਇਥੇ ਵੋਟਰ ਸੂਚੀ ’ਚੋਂ ਜਿਊਂਦੇ ਲੋਕਾਂ ਦੇ ਨਾਂ ਗਾਇਬ ਹਨ ਅਤੇ ਜਿਹੜੇ ਲੋਕ ਕਿਸੇ ਨਾ ਕਿਸੇ ਕਾਰਨ ਮਰ ਚੁੱਕੇ ਹਨ, ਉਨ੍ਹਾਂ ਦੇ ਨਾਂ ਵੋਟਰ ਸੂਚੀ ’ਚ ਸ਼ਾਮਲ ਕੀਤੇ ਗਏ ਹਨ।
ਵਿਜੇ ਲਕਸ਼ਮੀ ਨਗਰ ਦੇ ਆਰੀਆ ਕੰਨਿਆ ਇੰਟਰ ਕਾਲਜ ਦੇ ਕਮਰਾ ਨੰਬਰ 2 ਦੇ ਕਈ ਅਜਿਹੇ ਵੋਟਰ ਹਨ, ਜਿਨ੍ਹਾਂ ਦੇ ਨਾਂ ਸੂਚੀ ਵਿਚੋਂ ਗਾਇਬ ਹਨ। ਵਿਜੇ ਲਕਸ਼ਮੀ ਨਗਰ ਦੀ ਰਹਿਣ ਵਾਲੀ ਗਾਇਤਰੀ ਮਿਸ਼ਰਾ ਦਾ ਕਹਿਣਾ ਹੈ ਕਿ ਵੋਟਰ ਸੂਚੀ ’ਚੋਂ ਮੇਰਾ ਨਾਂ ਗਾਇਬ ਹੈ, ਜਦ ਕਿ ਮੇਰੇ ਮਰਹੂਮ ਪਤੀ ਦਾ ਨਾਂ ਸੂਚੀ ’ਚ ਹੈ। ਜਦੋਂ ਵੋਟਰ ਸੂਚੀ ’ਚ ਨਾਂ ਸ਼ਾਮਲ ਕੀਤੇ ਜਾ ਰਹੇ ਸਨ ਤਾਂ ਮੈਂ ਆਪਣੀ ਫੋਟੋ ਅਤੇ ਆਧਾਰ ਕਾਰਡ ਅਧਿਕਾਰੀ ਕੋਲ ਜਮ੍ਹਾਂ ਕਰਵਾ ਦਿੱਤਾ ਸੀ, ਫਿਰ ਵੀ ਮੇਰਾ ਨਾਂ ਸੂਚੀ ’ਚੋਂ ਗਾਇਬ ਹੈ। ਇਸ ਜਗ੍ਹਾ ਦੇ ਰਹਿਣ ਵਾਲੇ ਅਮਿਤ ਮਹਿੰਦਰਾ, ਜਿਸ ਦੀ ਕੋਰੋਨਾ ਕਾਰਨ ਮੌਤ ਹੋ ਗਈ, ਉਸਦਾ ਨਾਂ ਵੀ ਵੋਟਰ ਸੂਚੀ ਵਿਚ ਹੈ।
ਇਸੇ ਪੋਲਿੰਗ ਬੂਥ ਦੀ ਵੋਟਰ ਪ੍ਰੇਮ ਲਤਾ ਪਤਨੀ ਸਵ. ਸੁੰਦਰ ਲਾਲ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ। ਇਸ ਦੇ ਬਾਵਜੂਦ ਉਸਦਾ ਨਾਂ ਵੋਟਰ ਸੂਚੀ ਵਿਚ ਸ਼ਾਮਲ ਹੈ। ਹਾਲਾਂਕਿ ਇਹ ਮਾਮਲਾ ਸਿਰਫ਼ ਇਕ ਵਾਰਡ, ਇਕ ਪੋਲਿੰਗ ਬੂਥ ਦੇ ਕਮਰਾ ਨੰਬਰ 2 ਦਾ ਹੈ, ਸੀਤਾਪੁਰ ਨਗਰ ਪਾਲਿਕਾ ਖੇਤਰ ਵਿਚ 30 ਵਾਰਡ ਹਨ, ਪਤਾ ਨਹੀਂ ਅਜਿਹੇ ਕਿੰਨੇ ਲੋਕ ਹੋਣਗੇ, ਜੋ ਲੋਕ ਸਭਾ ਚੋਣਾਂ 2024 ’ਚ ਵੋਟ ਪਾਉਣ ਤੋਂ ਵਾਂਝੇ ਰਹਿ ਜਾਣਗੇ। ਇਸ ਵਿਚ ਕਿਤੇ ਨਾ ਕਿਤੇ ਵੋਟਰ ਸੂਚੀ ਤਿਆਰ ਕਰਨ ਵਿਚ ਗੜਬੜੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਸਬੰਧੀ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਅਧਿਕਾਰੀ ਨਜ਼ਰਾਂ ਬਚਾਉਂਦੇ ਨਜ਼ਰ ਆਏ ਅਤੇ ਕੈਮਰੇ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।