ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

Thursday, May 02, 2024 - 04:26 PM (IST)

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

ਨੈਸ਼ਨਲ ਡੈਸਕ- ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪਹਿਲੇ ਦੋ ਪੜਾਵਾਂ ਲਈ ਵੋਟਿੰਗ ਦੇ ਅੰਤਿਮ ਅੰਕੜਿਆਂ ਤੋਂ ਬਾਅਦ ਪਹਿਲੇ ਦੋ ਪੜਾਵਾਂ ਦੀ ਵੋਟਿੰਗ ਫੀਸਦੀ ’ਚ ਕਰੀਬ 6 ਫੀਸਦੀ ਦਾ ਵਾਧਾ ਹੋਇਆ ਹੈ ਪਰ ਵੋਟਿੰਗ ਦਾ ਅੰਤਿਮ ਅੰਕੜਾ 2019 ਦੀ ਕੁੱਲ ਵੋਟਿੰਗ ਤੋਂ ਅਜੇ ਵੀ ਘੱਟ ਹੈ। ਚੋਣ ਕਮਿਸ਼ਨ ਨੇ 30 ਅਪ੍ਰੈਲ ਨੂੰ ਪਹਿਲੇ ਦੋ ਪੜਾਵਾਂ ਦੇ ਸੋਧੇ ਹੋਏ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪਹਿਲੇ ਪੜਾਅ ’ਚ 102 ਸੀਟਾਂ ’ਤੇ 66.14 ਫੀਸਦੀ ਵੋਟਿੰਗ ਹੋਈ।

ਕਮਿਸ਼ਨ ਵੱਲੋਂ ਵੋਟਿੰਗ ਵਾਲੇ ਦਿਨ 19 ਅਪ੍ਰੈਲ ਨੂੰ ਸ਼ਾਮ 7 ਵਜੇ ਦੇ ਅੰਕੜਿਆਂ ’ਚ 60 ਫੀਸਦੀ ਤੋਂ ਵੱਧ ਵੋਟਿੰਗ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਇਸੇ ਤਰ੍ਹਾਂ 26 ਅਪ੍ਰੈਲ ਨੂੰ ਹੋਈ ਦੂਜੇ ਪੜਾਅ ਦੀ ਵੋਟਿੰਗ ਲਈ 66.71 ਫੀਸਦੀ ਵੋਟਿੰਗ ਦਾ ਸੋਧਿਆ ਅੰਕੜਾ ਜਾਰੀ ਕੀਤਾ ਗਿਆ ਹੈ। 26 ਅਪ੍ਰੈਲ ਨੂੰ ਵੋਟਾਂ ਪੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਇਨ੍ਹਾਂ ਸੀਟਾਂ ’ਤੇ 60.96 ਫੀਸਦੀ ਵੋਟਿੰਗ ਦਾ ਅੰਕੜਾ ਜਾਰੀ ਕੀਤਾ ਹੈ। 2019 ਦੀਆਂ ਚੋਣਾਂ ਦੌਰਾਨ ਕੁੱਲ ਵੋਟਿੰਗ 67.40 ਫੀਸਦੀ ਸੀ ਅਤੇ ਕੁੱਲ ਵੋਟਿੰਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵੋਟਿੰਗ ਦੇ ਪਹਿਲੇ ਦੋ ਪੜਾਵਾਂ ਵਿਚ ਲੱਗਭਗ 1 ਫੀਸਦੀ ਦੀ ਕਮੀ ਆਈ ਹੈ। ਚੋਣ ਕਮਿਸ਼ਨ ਨੇ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੇ ਅੰਕੜੇ ਜਾਰੀ ਕਰ ਦਿੱਤੇ ਸਨ ਪਰ ਦੂਜੇ ਗੇੜ ਦਾ ਸੂਬਾ ਪੱਧਰੀ ਡੇਟਾ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਨਹੀਂ ਕਰਵਾਇਆ ਗਿਆ। ਹੁਣ ਪਹਿਲੇ ਪੜਾਅ ਦੀ ਵੋਟਿੰਗ ਤੋਂ 11 ਦਿਨ ਬਾਅਦ ਅਤੇ ਦੂਜੇ ਪੜਾਅ ਦੀ ਵੋਟਿੰਗ ਤੋਂ 4 ਦਿਨ ਬਾਅਦ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ ਹਨ।

ਘੱਟ ਵੋਟਿੰਗ ਕਾਰਨ ਨੁਕਸਾਨ ਦੀਆਂ ਅਟਕਲਾਂ ’ਤੇ ਲੱਗੇਗੀ ਰੋਕ

ਪਹਿਲੇ ਪੜਾਅ ਦੀਆਂ ਵੋਟਾਂ ਦੇ ਅੰਕੜਿਆਂ ’ਚ ਗਿਰਾਵਟ ਤੋਂ ਬਾਅਦ ਮੀਡੀਆ ’ਚ ਚਰਚਾ ਸ਼ੁਰੂ ਹੋ ਗਈ ਸੀ ਕਿ ਘੱਟ ਵੋਟਿੰਗ ਦਾ ਮਤਲਬ ਲੋਕਾਂ ਦਾ ਸਿਸਟਮ ਤੋਂ ਮੋਹ ਭੰਗ ਹੋਣਾ ਹੈ ਅਤੇ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਵੋਟਿੰਗ ਦੇ ਘਟਦੇ ਰੁਝਾਨ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨਾਲ ਸੱਤਾਧਾਰੀ ਧਿਰ ਨੂੰ ਨੁਕਸਾਨ ਹੋਵੇਗਾ ਪਰ ਹੁਣ ਚੋਣ ਕਮਿਸ਼ਨ ਦੇ ਅੰਕੜਿਆਂ ਤੋਂ ਬਾਅਦ ਅਜਿਹੇ ਅੰਦਾਜ਼ੇ ਅਤੇ ਟੀ.ਵੀ ’ਤੇ ਹੋਣ ਵਾਲੀਆਂ ਅਜਿਹੀਆਂ ਬਹਿਸਾਂ ’ਤੇ ਵਿਰਾਮ ਲੱਗ ਸਕਦਾ ਹੈ। ਪਹਿਲੇ ਪੜਾਅ ਦੇ ਘੱਟ ਅੰਕੜਿਆਂ ਤੋਂ ਬਾਅਦ ਚੋਣ ਕਮਿਸ਼ਨ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੇ ਵੀ ਵੋਟਿੰਗ ਵਧਾਉਣ ਲਈ ਜ਼ਮੀਨੀ ਪੱਧਰ ’ਤੇ ਯਤਨ ਤੇਜ਼ ਕਰ ਦਿੱਤੇ ਹਨ। ਹਾਲਾਂਕਿ ਬਾਕੀ 5 ਪੜਾਵਾਂ ਦੌਰਾਨ ਵੋਟਿੰਗ ਦੇ ਅੰਕੜੇ ਕੀ ਹੋਣਗੇ, ਇਹ ਦੇਖਣਾ ਬਾਕੀ ਹੈ।


author

Tanu

Content Editor

Related News