ਧਾਰਾ-370 ਹਟਣ ਮਗਰੋਂ ਬਦਲ ਗਿਆ ਜੰਮੂ-ਕਸ਼ਮੀਰ, ਸ਼੍ਰੀਨਗਰ ''ਚ ਵੋਟਿੰਗ ਦਾ ਟੁੱਟਿਆ 25 ਸਾਲ ਦਾ ਰਿਕਾਰਡ
Tuesday, May 14, 2024 - 01:55 PM (IST)
ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਮਗਰੋਂ ਉੱਥੇ ਪੈ ਰਹੀਆਂ ਵੋਟਾਂ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਉਤਸ਼ਾਹ ਨਜ਼ਰ ਆਇਆ। ਕੇਂਦਰ ਦੀ ਮੋਦੀ ਸਰਕਾਰ ਨੇ 5 ਅਗਸਤ, 2019 'ਚ ਸੂਬੇ ਵਿਚ ਧਾਰਾ-370 ਖ਼ਤਮ ਕਰ ਦਿੱਤੀ ਸੀ। ਇਸ ਦੇ ਨਾਲ ਹੀ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੂਬੇ ਦੀ ਵਿਧਾਨ ਸਭਾ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੋਏ ਇਨ੍ਹਾਂ ਬਦਲਾਵਾਂ ਮਗਰੋਂ ਇੱਥੇ ਪਹਿਲੀ ਵਾਰ ਚੋਣਾਂ ਹੋਈਆਂ।
ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਅੱਤਵਾਦ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿਚ 2024 ਵਿਚ ਪਹਿਲੀ ਵਾਰ ਜ਼ਬਰਦਸਤ ਵੋਟਿੰਗ ਹੋਈ। ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਵਿਚ ਸ਼੍ਰੀਨਗਰ ਸੰਸਦੀ ਖੇਤਰ 'ਚ 37.99 ਫ਼ੀਸਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਇੱਥੇ 14.1 ਫ਼ੀਸਦੀ, 2014 'ਚ 25.9 ਫ਼ੀਸਦੀ, 2009 'ਚ 25.06 ਫ਼ੀਸਦੀ, 2004 'ਚ 18.06 ਫ਼ੀਸਦੀ ਅਤੇ 1999 'ਚ 11.9 ਫ਼ੀਸਦੀ ਵੋਟਿੰਗ ਹੋਈ ਸੀ। ਉਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਇਲਾਕਿਆਂ ਵਿਚ ਕਈ ਵਾਰ ਚੋਣਾਂ ਮੁਲਤਵੀ ਕਰਨੀ ਪਈਆਂ ਸਨ।
ਇਸ ਵਾਰ ਸ਼੍ਰੀਨਗਰ ਸੀਟ ਲਈ 24 ਉਮੀਦਵਾਰ ਹਨ। ਇਸ ਲੋਕ ਸਭਾ ਹਲਕੇ ਵਿਚ ਕੁੱਲ 17.48 ਲੱਖ ਵੋਟਰ ਹਨ। ਲੱਦਾਖ ਦੇ ਵੱਖ ਹੋਣ ਤੋਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਲੋਕ ਸਭਾ ਦੀਆਂ 5 ਸੀਟਾਂ ਹਨ। ਇਹ 5 ਸੀਟਾਂ ਹਨ- ਬਾਰਾਮੂਲਾ, ਸ਼੍ਰੀਨਗਰ, ਅਨੰਤਨਾਗ-ਰਾਜੌਰੀ, ਊਧਮਪੁਰ ਅਤੇ ਜੰਮੂ। ਅਨੰਤਨਾਗ-ਰਾਜੌਰੀ ਵਿਚ 7 ਮਈ ਨੂੰ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇੱਥੇ 25 ਮਈ ਨੂੰ ਚੋਣਾਂ ਹੋਣਗੀਆਂ।