ਜਾਨਸਨ ਐਂਡ ਜਾਨਸਨ ਬੇਬੀ ਸ਼ੈਂਪੂ ''ਅਸੁਰੱਖਿਅਤ'', ਤੁਰੰਤ ਵਾਪਸ ਲੈਣ ਦੇ ਨਿਰਦੇਸ਼

05/29/2019 11:21:38 AM

ਨਵੀਂ ਦਿੱਲੀ — ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ(NCPCR) ਨੇ ਅਮਰੀਕੀ ਬਹੁ-ਰਾਸ਼ਟਰੀ ਕੰਪਨੀ 'ਜਾਨਸਨ ਐਂਡ ਜਾਨਸਨ' ਨੂੰ ਹੁਕਮ ਦਿੱਤਾ ਹੈ ਕਿ ਉਹ ਕਥਿਤ ਖਤਰਨਾਕ ਰਸਾਇਣ ਵਾਲੇ ਆਪਣੇ ਬੇਬੀ ਸ਼ੈਂਪੂ ਦੀ ਇਕ ਖੇਪ ਨੂੰ ਤੁਰੰਤ ਵਾਪਸ ਲਵੇ। ਉਥੇ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਉਤਪਾਦ ਸੁਰੱਖਿਅਤ ਹਨ। 
'ਜਾਨਸਨ ਐਂਡ ਜਾਨਸਨ' ਨੇ ਕਿਹਾ ਕਿ ਉਸ ਦੇ ਸ਼ੈਂਪੂ ਵਿਚ ਕੋਈ ਖਤਰਨਾਕ ਤੱਤ ਨਹੀਂ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਰਾਜਸਥਾਨ ਸਰਕਾਰ ਦੀ ਇਕ ਪ੍ਰਯੋਗਸ਼ਾਲਾ ਵਿਚ 'ਅਣਪਛਾਤੇ ਅਤੇ ਅਨਟ੍ਰੇਂਡ ਟੈਸਟਿੰਗ ਵਿਦਿਆਰਥੀਆਂ' ਵਲੋਂ ਕੀਤੇ ਗਏ ਪ੍ਰੀਖਣ ਵਿਚ ਗਲਤੀ ਨਾਲ ਇਹ ਨਤੀਜਾ ਦਿੱਤਾ ਗਿਆ ਕਿ ਸ਼ੈਂਪੂ ਵਿਚ ਖਤਰਨਾਕ ਤੱਤ ਹਨ। 
ਜ਼ਿਕਰਯੋਗ ਹੈ ਕਿ ਰਾਜਸਥਾਨ ਸਰਕਾਰ ਦੀ ਪ੍ਰਯੋਗਸ਼ਾਲਾ ਨੇ ਕਿਹਾ ਹੈ ਕਿ ਕੰਪਨੀ ਦੇ ਬੇਬੀ ਸ਼ੈਂਪੂ ਵਿਚ ਖਤਰਨਾਕ ਰਸਾਇਣ ਹਨ। ਇਸ ਸੰਬੰਧ ਵਿਚ ਐੱਨ.ਸੀ.ਪੀ.ਸੀ.ਆਰ. ਵਿਚ ਸ਼ਿਕਾਇਤ ਦਰਜ ਕੀਤੀ ਗਈ ਸੀ। ਸ਼ਿਕਾਇਤ 'ਤੇ ਨੋਟਿਸ ਲੈਂਦਿਆਂ ਕਮਿਸ਼ਨ ਨੇ ਅਪ੍ਰੈਲ ਵਿਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ ਸੀ ਕਿ ਉਹ 'ਜਾਨਸਨ ਐਂਡ ਜਾਨਸਨ' ਦੇ ਸ਼ੈਂਪੂ ਅਤੇ ਟੈਲਕਮ ਪਾਊਡਰ ਦਾ ਪ੍ਰੀਖਣ ਕਰਨ। ਐੱਨ.ਸੀ.ਪੀ.ਸੀ.ਆਰ. ਨੇ ਹੁਣ ਕੰਪਨੀ ਨੂੰ ਮਿਆਰੀ ਗੁਣਵੱਤਾ ਦੇ ਅਨੁਸਾਰ ਨਾ ਪਾਈ ਗਈ ਖੇਪ ਦੀ ਸਪਲਾਈ ਤੁਰੰਤ ਵਾਪਸ ਲੈਣ ਲਈ ਕਿਹਾ ਹੈ।


Related News