ਵਿਰਾਸਤੀ ਸਮਾਗਮ ’ਚ ਟਰੂਡੋ ਬੋਲੇ - ਕੈਨੇਡਾ ’ਚ ਸਿੱਖ ਭਾਈਚਾਰੇ ਦੇ ਕਈ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ

Monday, May 06, 2024 - 11:01 AM (IST)

ਵਿਰਾਸਤੀ ਸਮਾਗਮ ’ਚ ਟਰੂਡੋ ਬੋਲੇ - ਕੈਨੇਡਾ ’ਚ ਸਿੱਖ ਭਾਈਚਾਰੇ ਦੇ ਕਈ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ

ਟੋਰਾਂਟੋ (ਭਾਸ਼ਾ) - ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਕਾਨੂੰਨ ਦੇ ਸ਼ਾਸਨ ਅਧੀਨ ਦੇਸ਼ ਹੈ ਅਤੇ ਉਸ ਦੀ ਮਜ਼ਬੂਤ ​​ਅਤੇ ਸੁਤੰਤਰ ਨਿਆਂ ਪ੍ਰਣਾਲੀ, ਸਿਸਟਮ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇਕ ਬੁਨਿਆਦੀ ਵਚਨਬੱਧਤਾ ਹੈ। ਕੈਨੇਡਾ ਦੇ ਨਾਗਰਿਕ ਨਿੱਝਰ ਦੀ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਐਡਮਿੰਟਨ ’ਚ ਰਹਿਣ ਵਾਲੇ ਭਾਰਤੀ ਨਾਗਰਿਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁੱਕਰਵਾਰ ਨੂੰ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਕਤਲ ਦੇ ਸਬੰਧ ਵਿਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੈਨੇਡਾ ਵਿਚ ਪੁਲਸ ਨੇ ਵਾਧੂ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਗ੍ਰਿਫਤਾਰੀਆਂ ਕੀਤੀਆਂ ਹਨ।

ਟਰੂਡੋ ਨੇ ਗ੍ਰਿਫਤਾਰੀ ਬਾਰੇ ਬੋਲਦਿਆਂ ਸ਼ਨੀਵਾਰ ਨੂੰ ਟੋਰਾਂਟੋ ਵਿਚ ਇਕ ਸਿੱਖ ਵਿਰਾਸਤੀ ਅਤੇ ਸੱਭਿਆਚਾਰ ਸਮਾਗਮ ਵਿਚ ਕਿਹਾ ਕਿ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਸਿੱਖ ਭਾਈਚਾਰੇ ਵਿਚ ਕਈ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਰ ਕੈਨੇਡੀਅਨ ਨੂੰ ਦੇਸ਼ ਵਿਚ ਭੇਦਭਾਵ, ਹਿੰਸਾ ਤੋਂ ਸੁਰੱਖਿਅਤ ਅਤੇ ਮੁਕਤ ਰਹਿਣ ਦਾ ਮੌਲਿਕ ਅਧਿਕਾਰ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਕਿਹਾ ਕਿ ਜਾਂਚ ਜਾਰੀ ਹੈ।

ਇਕ ਵੱਖਰੀ ਜਾਂਚ ਦਾ ਘੇਰਾ ਕੱਲ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤੱਕ ਸੀਮਤ ਨਹੀਂ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਸਹਾਇਕ ਕਮਿਸ਼ਨਰ ਕਮਾਂਡਰ ਡੇਵਿਡ ਟੇਬੋਲ ਨੇ ਕਿਹਾ ਕਿ ਉਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਸਬੰਧਾਂ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਭਾਰਤ ਸਰਕਾਰ ਨਾਲ ਕਿਸੇ ਵੀ ਸਬੰਧ ਦੀ ਜਾਂਚ ਕਰ ਰਹੇ ਹਨ।

 


author

Harinder Kaur

Content Editor

Related News