ਮੋਈਜ਼ੂ ਦੀ ਜਿੱਤ ਦੇ ਤੁਰੰਤ ਬਾਅਦ ਫਿਰ ਮਾਲਦੀਵ ਪਹੁੰਚਿਆ ਜਾਸੂਸੀ ਲਈ ਬਦਨਾਮ ਚੀਨੀ ਬੇੜਾ
Saturday, Apr 27, 2024 - 03:58 PM (IST)
ਮਾਲੇ– ਮਾਲਦੀਵ ’ਚ ਚੀਨੀ ਸਮਰਥਨ ਹਾਸਲ ਮੁਹੰਮਦ ਮੋਈਜ਼ੂ ਦੀ ਸਰਕਾਰ ਬਣਦੇ ਹੀ ਚੀਨੀ ਏਜੰਡੇ ’ਤੇ ਕੰਮ ਸ਼ੁਰੂ ਹੋ ਗਿਆ ਹੈ। ਹੁਣ ਫਿਰ ਤੋਂ ਚੀਨੀ ਸਮੁੰਦਰੀ ਬੇੜਾ ‘ਜਿਯਾਂਗ ਯਾਂਗ ਹੋਂਗ-03’ ਨੂੰ ਮਾਲਦੀਵ ’ਚ ਐਂਟਰੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਭਾਰਤ ਨੇ ਇਤਰਾਜ਼ ਪ੍ਰਗਟਾਇਆ ਸੀ ਪਰ ਮੁਹੰਮਦ ਮੋਈਜ਼ੂ ਦੀ ਸਰਕਾਰ ਨੇ ਇਤਰਾਜ਼ ਅੱਖੋਂ-ਪਰੋਖੇ ਕਰ ਦਿੱਤਾ ਸੀ। ਹੁਣ ਫਿਰ ਤੋਂ ਚੀਨ ਦਾ ਬੇੜਾ ਵਾਪਸ ਆ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਵੀਰਵਾਰ ਸਵੇਰੇ ਚੀਨੀ ਜਹਾਜ਼ ਥਿਲਾਫੁਸ਼ੀ ਉਦਯੋਗਿਕ ਟਾਪੂ ਦੀ ਬੰਦਰਗਾਹ ’ਤੇ ਖੜ੍ਹਾ ਕੀਤਾ ਗਿਆ। ਮਾਲਦੀਵ ਦੀ ਮੋਈਜ਼਼ੂ ਸਰਕਾਰ ਨੇ ਜਹਾਜ਼ ਨੂੰ ਡੌਕ ਕਰਨ ਦੀ ਇਜਾਜ਼ਤ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੀ ਵਾਪਸੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ।
ਚੀਨ ਦਾ ਇਹ ਸਮੁੰਦਰੀ ਬੇੜਾ ਜਿਯਾਂਗ ਯਾਂਗ ਹੋਂਗ ਜਾਸੂਸੀ ਲਈ ਬਦਨਾਮ ਹੈ। ਮਾਲਦੀਵ ਦੇ ਵਿਦੇਸ਼ ਮੰਤਰਾਲਾ ਨੇ 23 ਜਨਵਰੀ ਨੂੰ ਇਸ ਨੂੰ ਲੈ ਕੇ ਇਕ ਬਿਆਨ ’ਚ ਕਿਹਾ ਸੀ ਕਿ ਚੀਨ ਦੀ ਸਰਕਾਰ ਨੇ ਮਾਲਦੀਵ ਦੀ ਸਰਕਾਰ ਤੋਂ ਮਨਜ਼ੂਰੀ ਲਈ ਅਪੀਲ ਕੀਤੀ ਹੈ। ਮਾਲਦੀਵ ਦੇ ਰੱਖਿਆ ਮੰਤਰੀ ਨੇ ਮਾਰਚ ’ਚ ਸੰਸਦ ’ਚ ਕਿਹਾ ਸੀ ਕਿ ਚੀਨੀ ਬੇੜਾ ਮਾਲਦੀਵ ਦੇ ਪਾਣੀਆਂ ਵਾਲੇ ਇਲਾਕੇ ’ਚ ਕੋਈ ਖੋਜ ਨਹੀਂ ਕਰੇਗਾ। ਉਨ੍ਹਾਂ ਦੇ ਸਪਸ਼ਟ ਕੀਤਾ ਸੀ ਕਿ ਮਾਲਦੀਵ ’ਚ ਕੋਈ ਖੋਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਚੀਨ ਦੇ ਅਨੁਸਾਰ ਜਿਯਾਂਗ ਯਾਂਗ ਹੋਂਗ-03 ਸਮੁੰਦਰੀ ਖੋਜ ਲਈ ਸਭ ਤੋਂ ਆਧੁਨਿਕ ਜਹਾਜ਼ ਹੈ। ਇਹ ਇਕ ਖੋਜੀ ਬੇੜਾ ਹੈ। ਇਸ ਦੀ ਸਹਿਣਸ਼ਕਤੀ 15000 ਸਮੁੰਦਰੀ ਮੀਲ ਹੈ, ਜਿਸ ਦਾ ਭਾਵ ਇਹ ਹੋਇਆ ਕਿ ਇਹ ਬਿਨਾਂ ਕਿਸੇ ਮਦਦ ਦੇ ਆਪਣੇ ਕੰਮ ਲਈ 15000 ਸਮੁੰਦਰੀ ਮੀਲ ਦੀ ਯਾਤਰਾ ਬਿਨਾਂ ਰੁਕੇ ਕਰ ਸਕਦਾ ਹੈ। ਇਸ ’ਚ ਤੇਜ਼ ਹਵਾਵਾਂ ਅਤੇ ਸਮੁੰਦਰੀ ਲਹਿਰਾਂ ਦੇ ਬਾਵਜੂਦ ਆਪਣੀ ਜਗ੍ਹਾ ’ਤੇ ਸਥਿਰ ਰਹਿਣ ਦੀ ਸਮਰੱਥਾ ਹੈ। ਇਹ ਇਕ ਜਗ੍ਹਾ ’ਤੇ ਰਹਿ ਕੇ ਥ੍ਰਸਟਰਜ਼ ਦੀ ਵਰਤੋਂ ਕਰ ਕੇ 360 ਡਿਗਰੀ ਤੱਕ ਘੁੰਮਣ ਦੀ ਸਮਰੱਥਾ ਰੱਖਦਾ ਹੈ।