ਜਬਰ-ਜ਼ਨਾਹੀਆਂ ਨੂੰ ਤੁਰੰਤ ਮਿਲਣ ਲੱਗੀ ਉਨ੍ਹਾਂ ਦੇ ਕਰਮਾਂ ਦੀ ਸਜ਼ਾ
Tuesday, Apr 23, 2024 - 04:13 AM (IST)
ਇਕ ਪਾਸੇ ਜਿੱਥੇ ਦੇਸ਼ ’ਚ ਔਰਤਾਂ ਵਿਰੁੱਧ ਅਪਰਾਧ ਵਧ ਰਹੇ ਹਨ ਤਾਂ ਦੂਜੇ ਪਾਸੇ ਅਜਿਹੇ ਲੋਕਾਂ ਵਿਰੁੱਧ ਆਮ ਲੋਕਾਂ ਅਤੇ ਸਰਕਾਰ ਦਾ ਗੁੱਸਾ ਵੀ ਵਧ ਰਿਹਾ ਹੈ ਜੋ ਹੁਣੇ ਜਿਹੇ ਹੀ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :
* 4 ਅਕਤੂਬਰ, 2023 ਨੂੰ ਉਜੈਨ (ਮੱਧ ਪ੍ਰਦੇਸ਼) ’ਚ ਇਕ ਬੱਚੀ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਭਰਤ ਸੋਨੂੰ ਦੇ ਮਕਾਨ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ।
* 3 ਫਰਵਰੀ, 2024 ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਇਕ ਨਾਬਾਲਿਗ ਆਦੀਵਾਸੀ ਕੁੜੀ ਦੇ ਮਾਤਾ-ਪਿਤਾ ਨੂੰ ਬੰਧਕ ਬਣਾ ਕੇ ਕੱਟੇ ਦੇ ਦਮ ’ਤੇ ਉਸ ਨਾਲ ਗੈਂਗਰੇਪ ਕਰਨ ਦੇ ਮਾਮਲੇ ’ਚ ਪੁਲਸ ਨੇ ਦੋ ਮੁਲਜ਼ਮਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ।
*26 ਫਰਵਰੀ ਨੂੰ ਉਜੈਨ (ਮੱਧ ਪ੍ਰਦੇਸ਼) ਵਿਖੇ ਇਕ ਢਾਈ ਸਾਲ ਦੀ ਬੱਚੀ ਨਾਲ ਦਰਿੰਦਗੀ ਕਰਨ ਵਾਲੇ 40 ਸਾਲ ਦੇ ਵਿਅਕਤੀ ਦਾ ਮਕਾਨ ਬੁਲਡੋਜ਼ਰ ਚਲਾ ਕੇ ਡੇਗ ਦਿੱਤਾ ਗਿਆ।
* 21 ਅਪ੍ਰੈਲ ਨੂੰ ਦੱਖਣੀ-ਪੂਰਬੀ ਦਿੱਲੀ ਦੇ ਸਰਿਤਾ ਵਿਹਾਰ ’ਚ ਜਬਰ-ਜ਼ਨਾਹ ਦੇ 24 ਸਾਲਾ ਮੁਲਜ਼ਮ ’ਤੇ ਪੀੜਤਾ ਦੇ ਸਾਥੀ ਨੇ ਚਾਕੂ ਨਾਲ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ। ਪੀੜਤਾ ਦੇ ਸਾਥੀ ਦਾ ਦਾਅਵਾ ਹੈ ਕਿ ਮੁਲਜ਼ਮ ਨੌਜਵਾਨ ਪੀੜਤਾ ’ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾ ਰਿਹਾ ਸੀ ਅਤੇ ਪੀੜਤਾ ਤੇ ਉਸ ਦੇ ਪਰਿਵਾਰ ਵਾਲੇ ਇਸ ਸਬੰਧੀ ਕਾਨੂੰਨੀ ਕਾਰਵਾਈ ’ਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਸਨ। ਔਰਤ ਨਾਲ 2018 ’ਚ ਜਬਰ-ਜ਼ਨਾਹ ਕੀਤਾ ਗਿਆ ਸੀ।
* 21 ਅਪ੍ਰੈਲ ਨੂੰ ਹੀ ਗੁਨਾ (ਮੱਧ ਪ੍ਰਦੇਸ਼) ’ਚ ਪੁਲਸ ਨੇ ਇਕ ਮੁਟਿਆਰ ਨਾਲ ਜਬਰ-ਜ਼ਨਾਹ ਅਤੇ ਉਸ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ’ਚ ਮੁਲਜ਼ਮ ਦੇ ਮਕਾਨ ’ਤੇ ਬੁਲਡੋਜ਼ਰ ਚਲਾ ਦਿੱਤਾ।
ਜਬਰ-ਜ਼ਨਾਹ ਇਕ ਅਜਿਹਾ ਅਪਰਾਧ ਹੈ ਜੋ ਕਿਸੇ ਵੀ ਔਰਤ ਦੇ ਤਨ ਅਤੇ ਮਨ ਦੋਹਾਂ ਨੂੰ ਜ਼ਖਮੀ ਕਰ ਦਿੰਦਾ ਹੈ। ਇਸ ਪੱਖੋਂ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਹੀ ਢੁੱਕਵੀਂ ਹੈ, ਤਦ ਹੀ ਦੂਜਿਆਂ ਨੂੰ ਵੀ ਕੁਝ ਸਬਕ ਮਿਲ ਸਕੇਗਾ।
-ਵਿਜੇ ਕੁਮਾਰ