ਦੇਸ਼ ’ਚ 50 ਸਾਲ ਤੋਂ ਘੱਟ ਉਮਰ ਦੇ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ’ਚ ਵਾਧਾ
Monday, Sep 30, 2024 - 05:08 AM (IST)
ਨਵੀਂ ਦਿੱਲੀ - ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ 50 ਸਾਲ ਤੋਂ ਘੱਟ ਉਮਰ ਦੇ ਮਰਦਾਂ ’ਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਮਾਹਿਰਾਂ ਨੇ ਕਿਹਾ ਕਿ ਜੇਕਰ ਬਿਮਾਰੀ ਦਾ ਛੇਤੀ ਪਤਾ ਲੱਗ ਜਾਵੇ ਤਾਂ ਇਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਅਕਸਰ ਹੌਲੀ-ਹੌਲੀ ਵਧਦੀ ਹੈ। ਦੁਨੀਆ ਭਰ ’ਚ ਮਰਦਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਆਮ ਬਿਮਾਰੀ ਪ੍ਰੋਸਟੇਟ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਤੰਬਰ ਮਹੀਨੇ ਨੂੰ ਪ੍ਰੋਸਟੇਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ।
ਮਾਹਿਰਾਂ ਅਨੁਸਾਰ ਪ੍ਰੋਸਟੇਟ ਗ੍ਰੰਥੀ ’ਚ ਵਿਕਸਿਤ ਹੋਣ ਵਾਲਾ ਪ੍ਰੋਸਟੇਟ ਕੈਂਸਰ ਮੁੱਖ ਤੌਰ ’ਤੇ ਬਜ਼ੁਰਗ ਮਰਦਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਇਹ ਭਾਰਤ ’ਚ ਨੌਜਵਾਨ ਮਰਦਾਂ ’ਚ ਵੀ ਵੱਧ ਰਿਹਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਅਨੁਸਾਰ ਸਾਲ 2022 ’ਚ ਪ੍ਰੋਸਟੇਟ ਕੈਂਸਰ ਨਾਲ 37,948 ਭਾਰਤੀ ਮਰਦ ਪ੍ਰਭਾਵਿਤ ਹੋਏ, ਜੋ ਇਸ ਸਾਲ ਦੇਸ਼ ’ਚ ਸਾਹਮਣੇ ਆਏ 14 ਲੱਖ ਨਵੇਂ ਕੈਂਸਰ ਦੇ ਮਾਮਲਿਆਂ ’ਚੋਂ ਲਗਭਗ 3 ਫੀਸਦੀ ਹਨ। ਅਮਰੀਕਾ ’ਚ ਪ੍ਰੋਸਟੇਟ ਕੈਂਸਰ ਦੇ 80 ਫੀਸਦੀ ਮਰੀਜ਼ਾਂ ਦਾ ਜਲਦੀ ਪਤਾ ਲੱਗ ਜਾਂਦਾ ਹੈ ਅਤੇ 20 ਫੀਸਦੀ ਮਰੀਜ਼ਾਂ ਦਾ ਦੇਰੀ ਨਾਲ ਪਤਾ ਲੱਗਦਾ ਹੈ। ਭਾਰਤ ’ਚ ਅੰਕੜੇ ਇਸ ਦੇ ਉਲਟ ਹਨ।