ਬੇਹੱਦ ਖ਼ਤਰਨਾਕ ਪੱਧਰ ''ਤੇ ਪੁੱਜਾ ਦਿੱਲੀ ਦਾ ਹਵਾ ਪ੍ਰਦੂਸ਼ਣ ! ਗਰਭਵਤੀ ਔਰਤਾਂ ਨੂੰ ਹੋਣ ਲੱਗੀਆਂ ਗੰਭੀਰ ਸਮੱਸਿਆਵਾਂ
Thursday, Nov 20, 2025 - 01:16 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਇੱਕ ਬੇਹੱਦ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਬਹੁਤ ਜ਼ਿਆਦਾ ਥਕਾਵਟ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਵਾ ਪ੍ਰਦੂਸ਼ਣ ਅਤੇ ਸਿਹਤ ਸਬੰਧੀ ਸਮੱਸਿਆਵਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ, ਸਿਹਤ ਮਾਹਿਰਾਂ ਨੇ ਗਰਭਵਤੀ ਔਰਤਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਹੈ ਉਹ ਅਚਾਨਕ ਆਪਣੀ ਜਗ੍ਹਾ ਨਾ ਬਦਲਣ, ਜਿਸ ਨਾਲ ਪੈਨਿਕ ਅਟੈਕ ਹੋ ਸਕਦੇ ਹਨ।
ਦਿੱਲੀ ਦੀ ਹਵਾ ਬਾਰੇ, ਗਾਇਨੀਕੋਲੋਜਿਸਟਸ ਦਾ ਕਹਿਣਾ ਹੈ ਕਿ ਇਹ ਅਤਿ-ਸੂਖਮ ਪ੍ਰਦੂਸ਼ਕ ਕਣ ਖੂਨ ਦੇ ਪ੍ਰਵਾਹ ਰਾਹੀਂ ਪਲੈਸੈਂਟਾ ਤੱਕ ਪਹੁੰਚ ਸਕਦੇ ਹਨ, ਜਿਸ ਨਾਲ ਭਰੂਣ ਨੂੰ ਆਕਸੀਜਨ ਦੀ ਸਪਲਾਈ ਘੱਟ ਸਕਦੀ ਹੈ ਅਤੇ ਸਮੇਂ ਤੋਂ ਪਹਿਲਾਂ ਜਣੇਪੇ ਦਾ ਜੋਖਮ ਵਧ ਸਕਦਾ ਹੈ। ਸਮਾਰਟ ਸੇਫਟੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮਾਹਿਰਾਂ ਨੇ ਗਰਭਵਤੀ ਔਰਤਾਂ ਨੂੰ ਬਾਹਰੀ ਗਤੀਵਿਧੀਆਂ ਤੋਂ ਬਚਣ, ਖਿੜਕੀਆਂ ਬੰਦ ਰੱਖਣ, ਹਾਈਡ੍ਰੇਟਿਡ ਰਹਿਣ ਅਤੇ ਏਅਰ ਪਿਊਰੀਫਾਇਰ ਅਤੇ N95 ਮਾਸਕ ਦੀ ਵਰਤੋਂ ਕਰਨ ਵਰਗੇ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਮਾਹਿਰਾਂ ਨੇ ਘਰ ਵਿੱਚ ਹਵਾ-ਸ਼ੁੱਧ ਕਰਨ ਵਾਲੇ ਪੌਦੇ (ਅਰੇਕਾ ਪਾਮ ਅਤੇ ਪੀਸ ਲਿਲੀ) ਲਗਾਉਣ ਅਤੇ ਚੰਗਾ ਖਾਣਾ ਖਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਗਰਭਵਤੀ ਔਰਤਾਂ ਨੂੰ ਗੁੜ ਖਾਣ ਦੀ ਵੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਇਹ ਸਾਹ ਪ੍ਰਣਾਲੀ ਤੋਂ ਪ੍ਰਦੂਸ਼ਕਾਂ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।
