ਕੀ ਤੁਹਾਨੂੰ ਵੀ ਵਾਰ-ਵਾਰ ਲੱਗਦੀ ਹੈ ਪਿਆਸ ਤੇ ਸੁੱਕਦਾ ਹੈ ਗਲਾ ਤਾਂ ਹੋ ਜਾਓ ਸਾਵਧਾਨ; ਹੋ ਸਕਦੈ ਗੰਭੀਰ ਬਿਮਾਰੀ ਦਾ ਸੰਕੇਤ
Wednesday, Mar 11, 2026 - 10:03 AM (IST)
ਹੈਲਥ ਡੈਸਕ - ਕਈ ਵਾਰ ਸਰੀਰ 'ਚ ਦਿਖਾਈ ਦੇਣ ਵਾਲੇ ਛੋਟੇ-ਛੋਟੇ ਲੱਛਣ ਕਿਸੇ ਵੱਡੀ ਬਿਮਾਰੀ ਵੱਲ ਇਸ਼ਾਰਾ ਕਰਦੇ ਹਨ, ਪਰ ਅਸੀਂ ਅਕਸਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਤੁਹਾਨੂੰ ਅਕਸਰ ਪਿਆਸ ਲੱਗਦੀ ਰਹਿੰਦੀ ਹੈ ਜਾਂ ਗਲਾ ਵਾਰ-ਵਾਰ ਸੁੱਕ ਜਾਂਦਾ ਹੈ, ਤਾਂ ਇਹ ਸਿਰਫ਼ ਪਾਣੀ ਦੀ ਕਮੀ ਨਹੀਂ ਬਲਕਿ ਡਾਇਬੀਟੀਜ਼ (ਸ਼ੂਗਰ) ਵਰਗੀ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਡਾਇਬੀਟੀਜ਼ ਇਕ ਅਜਿਹੀ ਬਿਮਾਰੀ ਹੈ ਜੋ ਸਰੀਰ ਵਿੱਚ 'ਸਾਈਲੈਂਟ ਕਿਲਰ' ਵਜੋਂ ਕੰਮ ਕਰਦੀ ਹੈ।
ਜਾਣੋ ਇਸ ਦੇ ਪਿੱਛੇ ਦਾ ਕਾਰਨ
ਜਦੋਂ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਤਾਂ ਗੁਰਦਿਆਂ (ਕਿਡਨੀ) ਨੂੰ ਵਾਧੂ ਸ਼ੂਗਰ ਨੂੰ ਬਾਹਰ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਵਾਰ-ਵਾਰ ਪੇਸ਼ਾਬ ਆਉਣ ਲੱਗਦਾ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਇਨਸਾਨ ਨੂੰ ਪਿਆਸ ਜ਼ਿਆਦਾ ਲੱਗਦੀ ਹੈ ਅਤੇ ਮੂੰਹ ਜਾਂ ਗਲਾ ਸੁੱਕਣ ਦੀ ਸਮੱਸਿਆ ਹੋਣ ਲੱਗਦੀ ਹੈ।
ਡਾਇਬੀਟੀਜ਼ ਦੇ ਹੋਰ ਮੁੱਖ ਲੱਛਣ :-
- ਹਰ ਸਮੇਂ ਭੁੱਖ ਲੱਗਣਾ।
- ਅਚਾਨਕ ਭਾਰ ਘਟਣਾ।
- ਲਗਾਤਾਰ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ।
- ਧੁੰਦਲਾ ਦਿਖਾਈ ਦੇਣਾ (ਬਲਰ ਵਿਜ਼ਨ)।
ਸਮੇਂ ਸਿਰ ਜਾਂਚ ਹੈ ਜ਼ਰੂਰੀ
ਮਾਹਿਰਾਂ ਦਾ ਕਹਿਣਾ ਹੈ ਕਿ ਖਰਾਬ ਲਾਈਫਸਟਾਈਲ ਅਤੇ ਜ਼ਿਆਦਾ ਸ਼ੂਗਰ ਵਾਲੇ ਖਾਣ-ਪੀਣ ਕਾਰਨ ਇਹ ਖਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨੂੰ ਕਾਬੂ ਕਰਨ ਲਈ ਸੰਤੁਲਿਤ ਖੁਰਾਕ, ਨਿਯਮਤ ਕਸਰਤ, ਲੋੜੀਂਦਾ ਪਾਣੀ ਪੀਣਾ ਅਤੇ ਸਮੇਂ-ਸਮੇਂ 'ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਣਾ ਬੇਹੱਦ ਜ਼ਰੂਰੀ ਹੈ। ਜੇਕਰ ਸਰੀਰ ਅਜਿਹੇ ਸੰਕੇਤ ਦੇ ਰਿਹਾ ਹੈ, ਤਾਂ ਇਸ ਨੂੰ ਹਲਕੇ ਵਿੱਚ ਲੈਣ ਦੀ ਬਜਾਏ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
