ਚੱਕਰਵਾਤ ''ਯਾਸ'' ਨਾਲ ਬੰਗਾਲ ''ਚ 2.21 ਲੱਖ ਹੈਕਟੇਅਰ ਫ਼ਸਲ ਹੋਈ ਨਸ਼ਟ : ਮਮਤਾ ਬੈਨਰਜੀ
Tuesday, Jun 01, 2021 - 10:01 AM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਚੱਕਰਵਾਤ 'ਯਾਸ' ਕਾਰਨ ਸੂਬੇ 'ਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਕਰੀਬ 2.21 ਲੱਖ ਹੈਕਟੇਅਰ ਖੇਤਰ 'ਚ ਲੱਗੀ ਫ਼ਸਲ ਨਸ਼ਟ ਹੋ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੇ ਕਰੀਬ 1200 ਰਾਹਤ ਕੈਂਪ ਸ਼ੁਰੂ ਕੀਤੇ ਹਨ, ਜਿਨ੍ਹਾਂ 'ਚ ਕਰੀਬ 2 ਲੱਖ ਲੋਕ ਰਹਿ ਰਹੇ ਹਨ। ਦੱਸਣਯੋਗ ਹੈ ਕਿ ਚੱਕਰਵਾਤ 26 ਮਈ ਨੂੰ ਓਡੀਸ਼ਾ ਪਹੁੰਚਿਆ ਸੀ। ਬੈਨਰਜੀ ਨੇ ਸੱਕਤਰੇਤ 'ਚ ਪੱਤਰਕਾਰਾਂ ਨੂੰ ਕਿਹਾ,''ਪੱਛਮੀ ਬੰਗਾਲ 'ਚ ਚੱਕਰਵਾਤ 'ਯਾਸ' ਕਾਰਨ ਕਰੀਬ 2.21 ਲੱਖ ਹੈਕਟੇਅਰ ਖੇਤਰ 'ਚ ਲੱਗੀ ਫਸਲ ਅਤੇ 71,560 ਹੈਕਟੇਅਰ ਬਾਗਬਾਨੀ ਨਸ਼ਟ ਹੋਈ ਹੈ। ਸੂਬੇ 'ਚ ਕੁੱਲ 20 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ।''
ਬੈਨਰਜੀ ਨੇ 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੱਕਰਵਾਤ ਨਾਲ ਹੋਏ ਨੁਕਸਾਨ ਦੀ ਇਕ ਰਿਪੋਰਟ ਸੌਂਪੀ ਸੀ ਅਤੇ ਪ੍ਰਭਾਵਿਤ ਇਲਾਕਿਆਂ ਦੇ ਮੁੜ ਵਿਕਾਸ ਲਈ 20 ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ ਮੰਗੀ ਸੀ। ਉਨ੍ਹਾਂ ਦੱਸਿਆ ਕਿ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਪ੍ਰਭਾਵਿਤ ਪਿੰਡਾਂ 'ਚ ਪਾਣੀ ਦੀਆਂ ਥੈਲੀਆਂ ਅਤੇ ਪਾਈਪਲਾਈਨ ਰਾਹੀਂ ਪਾਣੀ ਦੀ ਸਪਲਾਈ ਕੀਤੀ ਹੈ। ਮੁੱਖ ਮੰਤਰੀ ਨੇ 329 ਬੰਨ੍ਹਾਂ 'ਚੋਂ 305 ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। 'ਦੁਆਰੇ ਤ੍ਰਾਣ' (ਘਰ ਦੇ ਦੁਆਰ ਤੱਕ ਰਾਹਤ) ਯੋਜਨਾ ਬਾਰੇ ਉਨ੍ਹਾਂ ਕਿਹਾ,''ਸਿਰਫ਼ ਚੱਕਰਵਾਤ ਨਾਲ ਪ੍ਰਭਾਵਿਤ ਲੋਕ ਇਸ ਲਈ ਖ਼ੁਦ ਆ ਕੇ ਅਪਲਾਈ ਕਰਨ। ਇਸ ਯੋਜਨਾ ਲਈ ਸਕੂਲ, ਕਾਲਜ ਅਤੇ ਹੋਰ ਜਨਤਕ ਸੰਸਥਾਵਾਂ 'ਚ ਕੈਂਪ ਸਥਾਪਤ ਕੀਤੇ ਜਾਣਗੇ।''