ਤਾਂਤਰਿਕ ਬਣ ਔਰਤ ਤੋਂ 40 ਲੱਖ ਰੁਪਏ ਠੱਗਣ ਵਾਲਾ ਰਾਜਸਥਾਨ ਤੋਂ ਗ੍ਰਿਫ਼ਤਾਰ

Wednesday, Feb 11, 2026 - 03:24 PM (IST)

ਤਾਂਤਰਿਕ ਬਣ ਔਰਤ ਤੋਂ 40 ਲੱਖ ਰੁਪਏ ਠੱਗਣ ਵਾਲਾ ਰਾਜਸਥਾਨ ਤੋਂ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਸਾਈਬਰ ਸੈੱਲ ਨੇ ਮਾਨਸਿਕ ਪਰੇਸ਼ਾਨੀ ਦੂਰ ਕਰਨ ਦੇ ਨਾਂ ’ਤੇ ਔਰਤ ਤੋਂ 40 ਲੱਖ ਰੁਪਏ ਠੱਗਣ ਵਾਲੇ ਤਾਂਤਰਿਕ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਝੁੰਝੁਨੂ ਵਾਸੀ ਰੋਹਿਤ ਭਾਰਗਵ ਵਜੋਂ ਹੋਈ ਹੈ। ਸਾਈਬਰ ਸੈੱਲ ਨੇ ਮੁਲਜ਼ਮ ਤੋਂ ਸਿੰਮ ਨਾਲ ਫੋਨ ਤੇ ਆਈਫੋਨ-16 ਪ੍ਰੋ ਬਰਾਮਦ ਕੀਤਾ ਹੈ। ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਨੇ ਮੌਲਾਨਾ ਬਰਖਤ ਖਾਨ ਬਣ ਮੋਬਾਇਲ ਨੰਬਰ 93.. ਦੀ ਵਰਤੋਂ ਕੀਤੀ ਸੀ ਤੇ ਦਿਲਬਰ ਸ਼ਾਹ ਬਣ ਕੇ ਮੋਬਾਇਲ ਨੰਬਰ 96.. ਦੀ ਵਰਤੋਂ ਕੀਤੀ ਸੀ। ਸਾਈਬਰ ਸੈੱਲ ਦੀ ਟੀਮ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਪਰਿਵਾਰਕ ਸਮੱਸਿਆਵਾਂ ਕਾਰਨ ਮਾਨਸਿਕ ਪਰੇਸ਼ਾਨੀ ਤੋਂ ਪੀੜਤ ਸੀ। ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਰਾਹੀਂ ਧੋਖੇਬਾਜ਼ਾਂ ਦੇ ਸੰਪਰਕ ’ਚ ਆਈ। ਮੁਲਜ਼ਮ ਨੇ ਸਾਥੀ ਨਾਲ ਮਿਲ ਕੇ ਪੀੜਤਾ ਦੀ ਮਾਨਸਿਕ ਪਰੇਸ਼ਾਨੀ ਦਾ ਫ਼ਾਇਦਾ ਉਠਾਉਂਦਿਆਂ ਖ਼ੁਦ ਨੂੰ ਤਾਂਤਰਿਕ ਦੱਸ ਕੇ ਹੌਲੀ-ਹੌਲੀ ਉਸਦਾ ਵਿਸ਼ਵਾਸ ਜਿੱਤ ਲਿਆ। ਉਨ੍ਹਾਂ ਪੈਸੇ ਦੇਣ ’ਤੇ ਰਾਹਤ ਦਾ ਭਰੋਸਾ ਵੀ ਦਿੱਤਾ। ਫਰਵਰੀ 2024 ਤੇ ਮਈ 2025 ਦੇ ਵਿਚਕਾਰ ਔਰਤ ਨੂੰ ਉਨ੍ਹਾਂ ਦੇ ਕਹਿਣ ’ਤੇ ਕਈ ਵਾਰ ਵੱਖ-ਵੱਖ ਬੈਂਕ ਖ਼ਾਤਿਆਂ ’ਚ ਕਰੀਬ 40 ਲੱਖ ਰੁਪਏ ਟਰਾਂਸਫਰ ਕੀਤੇ ਤੇ ਚੰਡੀਗੜ੍ਹ ’ਚ ਕਰੀਬ 150 ਗ੍ਰਾਮ ਸੋਨੇ ਦੇ ਗਹਿਣੇ ਲੈ ਲਏ। ਧੋਖਾਧੜੀ ਦਾ ਅਹਿਸਾਸ ਹੋਣ ’ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਨਕਲੀ ਇਸ਼ਤਿਹਾਰ ਪਾ ਕੇ ਔਰਤਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਸਾਥੀ ਨਾਲ ਮਿਲ ਕੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਲਈ ਝੂਠੀ ਧਾਰਮਿਕ ਪਛਾਣ ਤਹਿਤ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਨਕਲੀ ਇਸ਼ਤਿਹਾਰ ਪੋਸਟ ਕਰਦੇ ਸਨ। ਪੀੜਤਾਂ ਨੂੰ ਸ਼ੁਰੂ ’ਚ ਛੋਟੀਆਂ ਅਦਾਇਗੀਆਂ ਕਰਨ ਲਈ ਉਕਸਾਇਆ ਜਾਂਦਾ ਤੇ ਬਾਅਦ ’ਚ ਡਰਾ-ਧਮਕਾ ਕੇ ਝੂਠੇ ਦਾਅਵੇ ਕਰਕੇ ਵਾਰ-ਵਾਰ ਪੈਸੇ ਵਸੂਲੇ ਜਾਂਦੇ ਸੀ। ਮੁਲਜ਼ਮ ਨੇ ਦੱਸਿਆ ਕਿ ਠੱਗੇ ਗਏ ਪੈਸੇ ਤੇ ਸੋਨੇ ਦੇ ਗਹਿਣੇ ਉਸ ਨੇ ਤੇ ਉਸ ਦੇ ਸਾਥੀ ਨੇ ਬਰਾਬਰ ਵੰਡ ਲਏ ਸੀ।
 


author

Babita

Content Editor

Related News