ਤੁਰਕੀ ਦੇ ਭੂਚਾਲ ਪ੍ਰਭਾਵਿਤ ਇਲਾਕਿਆਂ ''ਚ 10 ਭਾਰਤੀ ਫਸੇ, ਇਕ ਲਾਪਤਾ : ਵਿਦੇਸ਼ ਮੰਤਰਾਲਾ

Thursday, Feb 09, 2023 - 01:10 PM (IST)

ਤੁਰਕੀ ਦੇ ਭੂਚਾਲ ਪ੍ਰਭਾਵਿਤ ਇਲਾਕਿਆਂ ''ਚ 10 ਭਾਰਤੀ ਫਸੇ, ਇਕ ਲਾਪਤਾ : ਵਿਦੇਸ਼ ਮੰਤਰਾਲਾ

ਨਵੀਂ ਦਿੱਲੀ- ਤੁਰਕੀ ਅਤੇ ਸੀਰੀਆ 'ਚ ਵਿਨਾਸ਼ਕਾਰੀ ਭੂਚਾਲ 'ਚ ਹੁਣ ਤਕ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਦੀ ਮਦਦ ਲਈ ਭਾਰਤ ਤੋਂ ਵੀ ਰੈਸਕਿਊ ਟੀਮਾਂ ਇਨ੍ਹਾਂ ਦੇਸ਼ਾਂ 'ਚ ਮੁਹਿੰਮ ਚਲਾ ਰਹੀਆਂ ਹਨ। ਵਿਦੇਸ਼ ਮੰਤਰਾਲਾ ਨੇ ਜਾਣਕਾਰੀ ਦਿੱਤੀ ਹੈ ਕਿ ਤੁਰਕੀ 'ਚ 10 ਭਾਰਤੀ ਵੀ ਫਸੇ ਹੋਏ ਹਨ। ਉੱਥੇ ਹੀ ਇਕ ਭਾਰਤੀ ਲਾਪਤਾ ਦੱਸਿਆ ਜਾ ਰਿਹਾ ਹੈ। 

ਵਿਦੇਸ਼ ਮੰਤਰਾਲਾ (MEA) 'ਚ ਸਕੱਤਰ ਸੰਜੇ ਵਰਮਾ ਨੇ ਕਿਹਾ ਕਿ ਲਾਪਤਾ ਭਾਰਤੀ ਨਾਗਰਿਕ ਮਾਲਟਾ 'ਚ ਤੁਰਕੀ ਦੀ ਵਪਾਰਿਕ ਯਾਤਰਾ 'ਤੇ ਸੀ। ਉਨ੍ਹਾਂ ਕਿਹਾ ਕਿ ਤੁਰਕੀ ਲਈ ਚਲਾਏ ਜਾ ਰਹੇ 'ਆਪਰੇਸ਼ਨ ਦੋਸਤ' ਤਹਿਤ ਭਾਰਤ ਲਗਾਤਾਰ ਆਪਣੇ ਨਾਗਰਿਕਾਂ ਦੇ ਸੰਪਰਕ 'ਚ ਬਣਿਆ ਹੋਇਆ ਹੈ। ਵਰਮਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਇਕ ਭਾਰਤੀ ਦਾ ਪਤਾ ਨਹੀਂ ਲੱਗਾ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਬੇਂਗਲੁਰੂ 'ਚ ਉਸਨੂੰ ਨੌਕਰੀ ਦੇਣ ਵਾਲੀ ਕੰਪਨੀ ਦੇ ਸੰਪਰਕ 'ਚ ਹਾਂ। 

ਸੰਜੇ ਵਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਤੁਰਕੀ ਦੇ ਹਾਲਾਤ ਅਤੇ ਉੱਥੇ ਫਸੇ ਭਾਰਤੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੁਰਕੀ 'ਚ 1939 ਤੋਂ ਬਾਅਦ ਆਈ ਇਹ ਸਭ ਤੋਂ ਵੱਡੀ ਕੁਦਰਤੀ ਆਫਤ ਹੈ। ਸਾਨੂੰ ਮਦਦ ਲਈ ਤੁਰਕੀ ਵੱਲੋਂ ਇਕ ਈ-ਮੇਲ ਪ੍ਰਾਪਤ ਹੋਇਆ ਅਤੇ ਬੈਠਕ ਦੇ 12 ਘੰਟਿਆਂ ਦੇ ਅੰਦਰ ਦਿੱਲੀ ਤੋਂ ਤੁਰਕੀ ਲਈ ਉਡਾਣਾਂ ਰਵਾਨਾ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੋ ਐੱਨ.ਡੀ.ਆਰ.ਐੱਫ. ਅਤੇ ਦੋ ਮੈਡੀਕਲ ਟੀਮਾਂ ਨੂੰ ਵੀ ਭੇਜਿਆ ਗਿਆ। ਅਸੀਂ ਤੁਰਕੀ ਦੇ ਅਦਾਨਾ 'ਚ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ। 

ਤੁਰਕੀ 'ਚ ਰਹਿੰਦੇ ਹਨ 3000 ਭਾਰਤੀ

ਵਿਦੇਸ਼ ਸਕੱਤਰ ਨੇ ਦੱਸਿਆ ਕਿ ਤੁਰਕੀ 'ਚ ਕਰੀਬ 3000 ਭਾਰਤੀ ਰਹਿੰਦੇ ਹਨ। ਇਨ੍ਹਾਂ 'ਚੋਂ ਲਗਭਗ 1800 ਲੋਕ ਇਸਤਾਂਬੁਲ ਅਤੇ ਉਸਦੇ ਨੇੜਲੇ ਇਲਾਕੇ 'ਚ ਰਹਿੰਦੇ ਹਨ। ਉੱਥੇ ਹੀ 250 ਅੰਕਾਰਾ 'ਚ ਅਤੇ ਬਾਕੀ ਲੋਕ ਪੂਰੇ ਦੇਸ਼ 'ਚ ਫੈਲੇ ਹੋਏ ਹਨ। ਵਿਦੇਸ਼ ਸਕੱਤਰ ਨੇ ਅੱਗੇ ਦੱਸਿਆ ਕਿ ਸਾਨੂੰ ਕਰੀਬ 75 ਲੋਕਾਂ ਦੇ ਫੋਨ ਆਏ ਹਨ, ਜਿਨ੍ਹਾਂ ਨੇ ਸਾਡੇ ਦੂਤਘਰ ਤੋਂ ਸੂਚਨਾ ਅਤੇ ਸਹਾਇਤਾ ਬਾਰੇ ਪੁੱਛਿਆ ਹੈ। 


author

Rakesh

Content Editor

Related News