ਪਤੀ ਅਤੇ ਸਹੁਰੇ ਪਰਿਵਾਰ ''ਤੇ ਕੁੱਟ-ਮਾਰ ਕੇ ਗਰਭ ਗਿਰਾਉਣ ਦਾ ਲਾਇਆ ਦੋਸ਼

06/06/2019 10:13:33 AM

ਮੋਗਾ (ਆਜ਼ਾਦ)—ਪਿੰਡ ਕੋਟ ਸਦਰ ਖਾਂ ਨਿਵਾਸੀ ਸੰਦੀਪ ਕੌਰ ਨੇ ਘਰੇਲੂ ਵਿਵਾਦ ਕਾਰਣ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਕੁੱਟ-ਮਾਰ ਕੇ ਜ਼ਖਮੀ ਕਰਨ ਦੇ ਇਲਾਵਾ ਉਸ ਦਾ ਗਰਭ ਗਿਰਾਉਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਪੀੜਤਾ ਦੇ ਪਤੀ ਗੁਰਜੰਟ ਸਿੰਘ, ਸਹੁਰਾ ਦਿਲੀਪ ਸਿੰਘ ਅਤੇ ਸੱਸ ਕੁਲਵੰਤ ਕੌਰ ਨਿਵਾਸੀ ਪਿੰਡ ਕਾਮਲਵਾਲਾ ਮੱਟਿਆਂਵਾਲਾ (ਫਿਰੋਜ਼ਪੁਰ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ 2 ਅਕਤੂਬਰ, 2011 ਨੂੰ ਗੁਰਜੰਟ ਸਿੰਘ ਪੁੱਤਰ ਦਲੀਪ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਕਥਿਤ ਤੌਰ 'ਤੇ ਨਸ਼ਾ ਕਰਦਾ ਸੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਮੈਨੂੰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ 'ਤੇ ਉਹ ਆਪਣੇ ਮਾਪਿਆਂ ਕੋਲ ਆ ਕੇ ਰਹਿਣ ਲੱਗੀ। ਜਦ ਮੈਂ ਪੰਚਾਇਤੀ ਰਾਜ਼ੀਨਾਮੇ ਅਨੁਸਾਰ 14 ਮਈ, 2019 ਨੂੰ ਆਪਣੀ ਬੇਟੀ ਸਮੇਤ ਸਹੁਰੇ ਘਰ ਜਾ ਰਹੀ ਸੀ ਤਾਂ ਉਸ ਦਾ ਪਤੀ ਅਤੇ ਦੂਸਰੇ ਕਥਿਤ ਦੋਸ਼ੀ, ਜੋ ਕਾਰ 'ਚ ਸਨ, ਨੇ ਮੈਨੂੰ ਵਾਪਸ ਆਪਣੇ ਪੇਕੇ ਘਰ ਜਾਣ ਨੂੰ ਕਿਹਾ, ਜਿਸ ਦਾ ਮੈਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਕੁੱਟ-ਮਾਰ ਕੇ ਹੇਠਾਂ ਸੁੱਟ ਦਿੱਤਾ, ਜਿਸ ਕਾਰਣ ਮੇਰਾ ਗਰਭਪਾਤ ਹੋ ਗਿਆ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜੈ ਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Shyna

Content Editor

Related News