ਇਕ ਹੋਰ ਲਵ ਮੈਰਿਜ ਦਾ 'ਖ਼ੂਨੀ' ਅੰਜਾਮ, ਪਤਨੀ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

04/20/2024 10:18:28 PM

ਫਤਿਹਗੜ੍ਹ ਸਾਹਿਬ (ਜੱਜੀ)- ਫਤਿਹਗੜ੍ਹ ਸਾਹਿਬ ਤੋਂ ਇਕ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਪਤਨੀ ਤੋਂ ਤੰਗ ਆ ਕੇ ਹਰਨਾਮ ਨਗਰ ਸਰਹਿੰਦ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਰਨਾਮ ਨਗਰ, ਤਲਾਣੀਆ, ਸਰਹਿੰਦ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸ ਦੇ 2 ਲੜਕੀਆਂ ਅਤੇ ਲੜਕਾ ਹੈ। 

ਉਸ ਦੇ 25 ਸਾਲਾ ਪੁੱਤਰ ਨਰਿੰਦਰ ਸਿੰਘ ਨੇ 18 ਦਸੰਬਰ 2022 ਨੂੰ ਆਪਣੀ ਮਰਜ਼ੀ ਨਾਲ ਪ੍ਰਿਯੰਕਾ ਪੁੱਤਰੀ ਸੱਤਿਆਵਾਨ ਵਾਸੀ ਬੌੜਾ ਵਾਲਾਂ ਗੇਟ ਨਾਭਾ ਜ਼ਿਲ੍ਹਾ ਪਟਿਆਲਾ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪ੍ਰਿਯੰਕਾ ਨੇ ਨਰਿੰਦਰ ਸਿੰਘ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਵਿਆਹ ਤੋਂ ਕੁਝ ਦੇਰ ਬਾਅਦ ਨਰਿੰਦਰ ਸਿੰਘ ਅਤੇ ਪ੍ਰਿਯੰਕਾ ਨੇ ਵੱਖ ਤੋਂ ਕਮਰਾ ਕਿਰਾਏ 'ਤੇ ਲੈ ਲਿਆ ਤੇ ਦੋਵੇਂ ਅਲੱਗ ਰਹਿਣ ਲੱਗ ਪਏ। ਫਿਰ ਨਰਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਕਿਰਾਇਆ ਦੇਣਾ ਔਖਾ ਲੱਗਦਾ ਹੈ, ਇਸ ਲਈ ਉਸ ਦੇ ਪਿਤਾ ਨੇ ਘਰ ਦੇ ਉੱਪਰ ਇਕ ਕਮਰਾ ਪਾ ਕੇ ਦੇ ਦਿੱਤਾ, ਤਾਂ ਜੋ ਨਰਿੰਦਰ ਸਿੰਘ ਦੇ ਕਿਰਾਏ ਦੇ ਪੈਸੇ ਬਚ ਸਕਣ। 

ਇਹ ਵੀ ਪੜ੍ਹੋ- ਦਿਲਰੋਜ਼ ਕਤਲਕਾਂਡ 'ਚ ਆਏ ਇਤਿਹਾਸਕ ਫ਼ੈਸਲੇ 'ਚ ਪੁਲਸ ਦਾ ਰਿਹੈ ਅਹਿਮ ਯੋਗਦਾਨ, ਜਾਣੋ ਕੀ ਸੀ ਪੂਰਾ ਮਾਮਲਾ

ਪਰ ਪ੍ਰਿਯੰਕਾ ਨੇ ਨਰਿੰਦਰ ਸਿੰਘ ਨਾਲ ਲੜਾਈ ਝਗੜਾ ਕਰਨਾ ਜਾਰੀ ਰੱਖਿਆ ਉਹ ਨਰਿੰਦਰ ਸਿੰਘ ਨੂੰ ਉਸ ਦੇ ਪਰਿਵਾਰ ਨਾਲ ਮੇਲ-ਮਿਲਾਪ ਤੋਂ ਰੋਕਦੀ ਸੀ, ਜਿਸ ਕਾਰਨ ਨਰਿੰਦਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ, ਬੀਤੀ 12 ਜਨਵਰੀ 2024 ਨੂੰ ਪ੍ਰਿਯੰਕਾ ਆਪਣੇ ਪੇਕੇ ਘਰ ਚਲੇ ਗਈ। ਪ੍ਰਿਯੰਕਾ ਦੇ ਪੇਕੇ ਜਾਣ ਤੋਂ ਬਾਦ ਨਰਿੰਦਰ ਸਿੰਘ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਪ੍ਰਿਯੰਕਾ ਉਸ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ ਅਤੇ ਹੱਥ ਵੀ ਚੁੱਕਦੀ ਹੈ। ਫਿਰ ਨਰਿੰਦਰ ਸਿੰਘ ਪ੍ਰਿਯੰਕਾ ਨੂੰ ਲੈਣ ਲਈ ਨਾਭੇ ਗਿਆ ਸੀ ਪਰ ਬੀਤੀ ਰਾਤ ਲਗਭਗ 09 ਵਜੇ ਵਾਪਸ ਘਰ ਆ ਕੇ ਚੁੱਪਚਾਪ ਆਪਣੇ ਕਮਰੇ 'ਚ ਚਲਾ ਗਿਆ। 

ਇਹ ਵੀ ਪੜ੍ਹੋ- ਇਕਤਰਫ਼ੇ ਇਸ਼ਕ 'ਚ ਅੰਨ੍ਹਾ ਹੋਇਆ ਨੌਜਵਾਨ, ਕੁੜੀ ਨੇ ਕੀਤੀ ਨਾਂਹ ਤਾਂ ਦਿੱਤੀ ਬੇਰਹਿਮ ਮੌਤ, ਵੀਡੀਓ ਵਾਇਰਲ

ਫਿਰ ਕਾਕਾ ਸਿੰਘ ਨੂੰ ਉਸ ਦੀ ਭਤੀਜੀ ਨੇ ਦੱਸਿਆ ਕਿ ਪ੍ਰਿਯੰਕਾ ਦਾ ਨਾਭੇ ਤੋਂ ਫੋਨ ਆਇਆ ਹੈ ਕਿ ਨਰਿੰਦਰ ਸਿੰਘ ਉਸ ਨਾਲ ਝਗੜਾ ਕਰਕੇ ਚਲੇ ਗਿਆ ਹੈ ਅਤੇ ਹੁਣ ਫੋਨ ਨਹੀ ਚੁੱਕ ਰਿਹਾ। ਇਸ ਤੋਂ ਬਾਅਦ ਜਦੋਂ ਉਸ ਨੇ ਨਰਿੰਦਰ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਨਰਿੰਦਰ ਸਿੰਘ ਬੈੱਡ ਤੇ ਪਿਆ ਸੀ ਅਤੇ ਉਸ ਦੇ ਹੱਥ-ਪੈਰ ਨੀਲੇ ਹੋ ਚੁੱਕੇ ਸਨ। ਨਰਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਕਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪ੍ਰਿਯੰਕਾ ਖਿਲਾਫ ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਨਰਿੰਦਰ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਪਵਨ ਕੁਮਾਰ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News