ਪੋਸਟਰ ਪ੍ਰਚਾਰ ’ਤੇ ਬੋਲੇ ਚਰਨਜੀਤ ਸਿੰਘ ਚੰਨੀ, ਚੌਧਰੀ ਪਰਿਵਾਰ ’ਤੇ ਲਾਇਆ ਸਾਜ਼ਿਸ਼ ਦਾ ਦੋਸ਼

Friday, Apr 26, 2024 - 05:30 AM (IST)

ਜਲੰਧਰ (ਚੋਪੜਾ)– ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਲੰਧਰ ਵਾਸੀਆਂ ਤੋਂ ਉਨ੍ਹਾਂ ਨੂੰ ਅਥਾਹ ਪਿਆਰ ਤੇ ਸਨੇਹ ਮਿਲ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਪੋਸਟਰ ਪ੍ਰਚਾਰ ਸਿਰਫ਼ ਚੌਧਰੀ ਪਰਿਵਾਰ ਦੀ ਸਾਜ਼ਿਸ਼ ਦਾ ਹਿੱਸਾ ਹੈ। ਜਲੰਧਰ ’ਚ ਉਨ੍ਹਾਂ ਖ਼ਿਲਾਫ਼ ਲਾਏ ਗਏ ਪੋਸਟਰ ਸਿਰਫ਼ ਚੌਧਰੀ ਪਰਿਵਾਰ ਨੂੰ ਹੀ ਨਜ਼ਰ ਆਏ ਸਨ। ਜਨਤਾ ਚੌਧਰੀ ਤੇ ਚੰਨੀ ਦੇ ਵਿਚਕਾਰ ਦਾ ਫਰਕ ਚੰਗੀ ਤਰ੍ਹਾਂ ਜਾਣਦੀ ਹੈ।

ਕਾਂਗਰਸੀ ਵਰਕਰਾਂ ਨਾਲ ਹੱਥ ਮਿਲਾਉਣ ਤਕ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦਾ ਸੀ ਚੌਧਰੀ ਪਰਿਵਾਰ
ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਲੋਕਾਂ ਨੂੰ ਮਿਲਣਾ ਤਾਂ ਦੂਰ, ਕਾਂਗਰਸੀ ਵਰਕਰਾਂ ਨਾਲ ਹੱਥ ਮਿਲਾਉਣ ਤਕ ਨੂੰ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦਾ ਸੀ ਤੇ ਅੱਜ ਜਨਤਾ ਦੇ ਹਿੱਤਾਂ ਦੀ ਆੜ ’ਚ ਘੜਿਆਲੀ ਹੰਝੂ ਵਹਾ ਰਿਹਾ ਹੈ। ਚੌਧਰੀ ਪਰਿਵਾਰ ਵਲੋਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀਆਂ ਸਾਰੀਆਂ ਸਰਗਰਮੀਆਂ ’ਤੇ ਹਾਈਕਮਾਨ ਦੀ ਪੈਨੀ ਨਜ਼ਰ ਹੈ ਤੇ ਹਾਈਕਮਾਨ ਪਾਰਟੀ ਵਿਰੋਧੀ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਇਸੇ ਕਾਰਨ ਬੀਤੇ ਦਿਨੀਂ ਬਿਕਰਮਜੀਤ ਨੂੰ ਹਾਈਕਮਾਨ ਨੇ ਕਾਂਗਰਸ ਪਾਰਟੀ ਤੋਂ ਸਸਪੈਂਡ ਕਰਦਿਆਂ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਸਨ।

ਇਹ ਖ਼ਬਰ ਵੀ ਪੜ੍ਹੋ : ਵਿਧਵਾ ਮਾਂ ਦੇ ਘਰ ਪੈ ਗਏ ਵੈਣ, ਅਮਰੀਕਾ ਰਹਿ ਰਹੇ ਕੁਆਰੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਚੌਧਰੀ ਪਰਿਵਾਰ ਵਿਰੋਧੀ ਪਾਰਟੀਆਂ ਦੀ ਸ਼ਹਿ ’ਤੇ ਉਨ੍ਹਾਂ ਖ਼ਿਲਾਫ਼ ਝੂਠਾ ਤੇ ਬੇਬੁਨਿਆਦ ਪ੍ਰਚਾਰ ਕਰ ਰਿਹਾ
ਚੰਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਬੈਠਕਾਂ ਤੇ ਵਰਕਰ ਮਿਲਣੀ ਪ੍ਰੋਗਰਾਮਾਂ ਤੋਂ ਨਿਰਾਸ਼ ਹੋ ਕੇ ਘਰ ਬੈਠਾ ਕਾਂਗਰਸੀ ਵਰਕਰ ਅੱਜ ਇਕ ਵਾਰ ਮੁੜ ਉਤਸ਼ਾਹਿਤ ਹੈ ਤੇ ਪਾਰਟੀ ਦਾ ਝੰਡਾ ਬੁਲੰਦ ਕਰਦਿਆਂ ਚੋਣ ਮੈਦਾਨ ’ਚ ਜੁਟ ਗਿਆ ਹੈ। ਚੌਧਰੀ ਪਰਿਵਾਰ ਵਿਰੋਧੀ ਪਾਰਟੀਆਂ ਦੀ ਸ਼ਹਿ ’ਤੇ ਉਨ੍ਹਾਂ ਖ਼ਿਲਾਫ਼ ਝੂਠਾ ਤੇ ਬੇਬੁਨਿਆਦ ਪ੍ਰਚਾਰ ਕਰ ਰਿਹਾ ਹੈ ਪਰ ਲੋਕ ਅਜਿਹੇ ਨੇਤਾ ਦੇ ਝਾਂਸੇ ’ਚ ਨਹੀਂ ਆਉਣਗੇ।

ਚੰਨੀ ਨੇ ਕਿਹਾ ਕਿ ਟਿਕਟ ਕਿਸ ਨੂੰ ਦੇਣੀ ਹੈ, ਇਹ ਕਾਂਗਰਸ ਹਾਈਕਮਾਨ ਦਾ ਅਧਿਕਾਰ ਖ਼ੇਤਰ ਹੈ ਤੇ ਹਾਈਕਮਾਨ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਉਨ੍ਹਾਂ ’ਤੇ ਭਰੋਸਾ ਪ੍ਰਗਟ ਕੀਤਾ ਹੈ ਤਾਂ ਚੌਧਰੀ ਪਰਿਵਾਰ ਨੂੰ ਇੰਨਾ ਵਿਲਕਣ ਤੇ ਵਿਆਕੁਲ ਹੋਣ ਦੀ ਲੋੜ ਨਹੀਂ ਕਿਉਂਕਿ ਕਾਂਗਰਸ ਚੌਧਰੀ ਪਰਿਵਾਰ ਦੀ ਜਾਗੀਰ ਨਹੀਂ।

ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਨੂੰ ਕਾਂਗਰਸ ਦੀ ਦੇਣ ਨੂੰ ਭੁੱਲ ਕੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਦਾ ਧਿਆਨ ਰੱਖਣਾ ਚਾਹੀਦਾ ਹੈ। ਬਿਕਰਮਜੀਤ ਚੌਧਰੀ ਦੇ ਕਿਸੇ ਕਥਨ ਦਾ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਕਿਉਂਕਿ ਉਸ ਦੇ ਅੜੀਅਲ ਤੇ ਹੰਕਾਰੀ ਸੁਭਾਅ ਤੋਂ ਬੱਚਾ-ਬੱਚਾ ਜਾਣੂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News