ਸ਼ਰਾਬ ਪੀਣ ਤੋਂ ਰੋਕਣ ''ਤੇ ਗੁੱਸੇ ''ਚ ਆਏ ਪਤੀ ਨੇ ਕੀਤਾ ਪਤਨੀ ਦਾ ਕਤਲ
Tuesday, Apr 02, 2024 - 09:43 PM (IST)

ਲੁਧਿਆਣਾ (ਗੌਤਮ) - ਸ਼ਰਾਬ ਪੀਣ ਤੋਂ ਰੋਕਣ 'ਤੇ ਗੁੱਸੇ 'ਚ ਆਏ ਪਤੀ ਨੇ ਪਤਨੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦਾ ਪਤਾ ਆਂਢ-ਗੁਆਂਢ ਦੇ ਲੋਕਾਂ ਨੂੰ ਲੱਗਾ ਤਾਂ ਉਹ ਜ਼ਖ਼ਮੀ ਔਰਤ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਘਟਨਾ ਰਾਹੋਂ ਰੋਡ 'ਤੇ ਸਥਿਤ ਪ੍ਰੇਮ ਵਿਹਾਰ ਕਾਲੋਨੀ 'ਚ ਵਾਪਰੀ। ਸੂਚਨਾ ਮਿਲਣ 'ਤੇ ਥਾਣਾ ਮੇਹਰਬਾਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਰਨ ਵਾਲੀ ਔਰਤ ਦੀ ਪਛਾਣ ਮਾਨਿਆ ਸ਼੍ਰੀ ਵਜੋਂ ਹੋਈ ਹੈ।
ਥਾਣਾ ਮੇਹਰਬਾਨ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਮਾਨ ਸਿੰਘ ਵਜੋਂ ਕੀਤੀ ਹੈ। ਪੁਲਸ ਅਨੁਸਾਰ ਮੁਲਜ਼ਮ ਪੇਂਟਰ ਦਾ ਕੰਮ ਕਰਦਾ ਹੈ। ਮ੍ਰਿਤਕ ਔਰਤ ਵੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਦੀ ਸੀ। ਉਸ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਹਨ, ਜੋ ਆਪਣੇ ਦਾਦਾ-ਦਾਦੀ ਕੋਲ ਰਹਿੰਦੇ ਹਨ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਵਿਚਕਾਰ ਕਾਫੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਮਾਨਿਆ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਪਰ ਉਹ ਹਰ ਰੋਜ਼ ਸ਼ਰਾਬ ਪੀਂਦਾ ਸੀ।
ਵਾਰਦਾਤ ਤੋਂ ਪਹਿਲਾਂ ਵੀ ਸ਼ਰਾਬ ਪੀਣ ਨੂੰ ਲੈ ਕੇ ਦੋਵਾਂ ਦਾ ਝਗੜਾ ਹੋਇਆ ਸੀ ਅਤੇ ਮੁਲਜ਼ਮ ਨੇ ਉਸ ਦੀ ਪਤਨੀ ਦੇ ਵਾਲ ਫੜ ਕੇ ਕੁੱਟਮਾਰ ਕੀਤੀ ਅਤੇ ਉਸ ਦਾ ਸਿਰ ਕੰਧ ਨਾਲ ਕਈ ਵਾਰ ਮਾਰਿਆ, ਜਦੋਂ ਉਸ ਨੇ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਮੁਲਜ਼ਮ ਉਥੋਂ ਭੱਜ ਗਿਆ। ਲੋਕਾਂ ਨੇ ਔਰਤ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e