ਸਕੂਲੀ ਬੱਸਾਂ ’ਚ ਬੱਚਿਆਂ ਲਈ ਸੀਟ ਬੈਲਟ ਜ਼ਰੂਰੀ ਕਰਨ ’ਤੇ ਟਰਾਂਸਪੋਰਟ ਡਿਪਾਰਟਮੈਂਟ ਦੁਚਿੱਤੀ ’ਚ

11/13/2018 7:00:52 AM

ਚੰਡੀਗਡ਼੍ਹ, (ਸਾਜਨ)- ਸਕੂਲ ਬੱਸਾਂ ’ਚ ਡਰਾਈਵਰ ਤੋਂ ਇਲਾਵਾ ਬੈਠੇ ਬੱਚਿਆਂ ਅਤੇ ਹੋਰ ਸਟਾਫ ਨੂੰ ਵੀ ਸੀਟ ਬੈਲਟ ਲਾਜ਼ਮੀ ਕਰਨ ਨੂੰ ਲੈ ਕੇ ਟਰਾਂਸਪੋਰਟ ਡਿਪਾਰਟਮੈਂਟ ਗੰਭੀਰ ਦੁਚਿੱਤੀ ’ਚ ਹੈ।  ਵਿਭਾਗ ਫੈਸਲਾ ਨਹੀਂ ਕਰ ਪਾ ਰਿਹਾ ਹੈ ਕਿ ਇਸ ਫ਼ੈਸਲਾ ਨੂੰ ਕਿਵੇਂ ਲਾਗੂ ਕੀਤਾ ਜਾਵੇ। ਵਿਭਾਗ ਸਾਹਮਣੇ ਮੁਸ਼ਕਲ ਇਹ ਹੈ ਕਿ ਇਸ ਫ਼ੈਸਲੇ ਨੂੰ ਕਿਵੇਂ ਲਾਗੂ ਕੀਤਾ ਜਾਵੇ।  ਵਿਭਾਗ  ਦੇ ਅਧਿਕਾਰੀਆਂ  ਅਨੁਸਾਰ ਮੋਟਰ ਵਹੀਕਲ ਐਕਟ ’ਚ ਕਿਤੇ ਵੀ ਵਿਵਸਥਾ ਨਹੀਂ ਹੈ ਕਿ ਸਕੂਲੀ ਬੱਚਿਆਂ ਨੂੰ ਸੀਟ ਬੈਲਟ ਪਾਉਣਾ ਲਾਜ਼ਮੀ ਕੀਤਾ ਜਾਵੇ। ਇਸ ਨੂੰ ਲੈ ਕੇ ਵਿਭਾਗ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਮਗਜ਼-ਖਪਾਈ ਕਰ ਰਿਹਾ ਹੈ ਅਤੇ ਸੰਭਾਵਨਾ ਲੱਭ ਰਿਹਾ ਹੈ ਕਿ ਕਿਵੇਂ ਫ਼ੈਸਲੇ ਨੂੰ ਲਾਗੂ ਕੀਤਾ ਜਾਵੇ। 
ਮੀਟਿੰਗ ’ਚ ਹੋਈ ਮਗਜ਼-ਖਪਾਈ
ਵਿਭਾਗ ਇਸ ’ਤੇ ਬੀਤੇ ਕਈ ਦਿਨਾਂ ਤੋਂ ਕਸਰਤ ਕਰ ਰਿਹਾ ਹੈ। ਪਹਿਲੀ ਬੈਠਕ 30 ਅਕਤੂਬਰ ਨੂੰ ਹੋਈ ਸੀ। ਸੋਮਵਾਰ ਨੂੰ ਵੀ ਇਸ ਨੂੰ ਲੈ ਕੇ ਖੂਬ ਮਗਜ਼-ਖਪਾਈ ਹੋਈ। ਸੂਤਰਾਂ ਅਨੁਸਾਰ ਬੈਠਕ ’ਚ ਤਾਂ ਇਹ ਤੈਅ ਕਰ ਲਿਆ ਗਿਆ ਕਿ ਸਕੂਲਾਂ ਨੂੰ ਬਾਕਾਇਦਾ ਇਸ ਲਈ ਨੋਟਿਸ ਜਾਰੀ ਕਰ ਦਿੱਤੇ ਜਾਣ ਜੇਕਰ ਕੋਈ ਸਕੂਲ ਇਨ੍ਹਾਂ ਆਦੇਸ਼ਾਂ ’ਤੇ ਅਮਲ ਨਹੀਂ ਕਰਦਾ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇ, ਜਿਸ ’ਚ ਮਾਨਤਾ ਰੱਦ ਕਰਨਾ ਵੀ ਸ਼ਾਮਲ ਰਹੇ। ਹੁਣ ਬੈਠਕ ’ਚ ਤਾਂ ਸੋਮਵਾਰ ਨੂੰ ਇਹ ਫੈਸਲਾ ਲੈ ਲਿਆ ਗਿਆ ਪਰ ਬਾਅਦ ’ਚ ਪਤਾ ਚੱਲਿਆ ਕਿ ਮੋਟਰ ਵਹੀਕਲ ਐਕਟ ’ਚ ਤਾਂ ਇਸ ਤਰ੍ਹਾਂ ਦੀ ਕੋਈ ਵਿਵਸਥਾ ਹੀ ਨਹੀਂ ਹੈ। ਹੁਣ ਵਿਭਾਗ ਸਾਹਮਣੇ ਉਲਝਣ ਪੈਦਾ ਹੋ ਗਈ ਕਿ ਇਸਨੂੰ ਕਿਵੇਂ ਲਾਗੂ ਕੀਤਾ ਜਾਵੇ।
ਸਰਕੂਲਰ ਭੇਜਣ ਦੀ ਮਿਤੀ ਨਹੀਂ ਹੋਈ ਤੈਅ
ਇਥੇ ਦੱਸ ਦਈਏ ਕਿ ਵਿਭਾਗ ਸਕੂਲੀ ਬੱਚਿਆਂ ਦੀ ਸੇਫਟੀ ਲਈ ਇਸਨੂੰ ਲਾਗੂ ਤਾਂ ਕਰਨਾ ਚਾਹੁੰਦਾ ਹੈ ਪਰ ਫਿਲਹਾਲ ਮੋਟਰ ਵਹੀਕਲ ਐਕਟ ’ਚ ਅਜਿਹੀ ਕੋਈ ਵਿਵਸਥਾ ਨਾ ਹੋਣ ਕਾਰਨ ਉਸ ਲਈ ਅਜਿਹਾ ਨੋਟੀਫਿਕੇਸ਼ਨ ਜਾਰੀ ਕਰਨਾ ਮੁਸ਼ਕਲ ਵੀ ਪੈਦਾ ਕਰ ਸਕਦਾ ਹੈ। ਬੈਠਕ ’ਚ ਇਹ ਵੀ ਕਿਹਾ ਗਿਆ ਕਿ ਜੋ ਬੱਸ ਚਾਲਕ ਜਾਂ ਮਾਲਕ ਬੱਚਿਆਂ ਲਈ ਸੀਟ ਬੈਲਟ ਲਾਜ਼ਮੀ ਨਹੀਂ ਕਰਦੇ ਉਨ੍ਹਾਂ ਖਿਲਾਫ ਸਡ਼ਕਾਂ ’ਤੇ ਐਕਸ਼ਨ ਕੀਤਾ ਜਾਵੇ। ਅਜਿਹੇ ਬੱਸ ਚਾਲਕਾਂ ਦੇ ਨਾ ਸਿਰਫ਼ ਚਲਾਨ ਕੱਟੇ ਜਾਣ, ਸਗੋਂ ਦੁਬਾਰਾ ਨਾ ਮੰਨਣ ’ਤੇ ਬੱਸਾਂ ਨੂੰ ਇੰਪਾਊਂਡ ਵੀ ਕੀਤਾ ਜਾਵੇ। ਬੈਠਕ ’ਚ ਇਹ ਤੈਅ ਨਹੀਂ ਹੋ ਸਕਿਆ ਕਿ ਚਲਾਨ ਕਦੋਂ ਤੋਂ ਕੱਟੇ ਜਾਣ ਤੇ ਸਕੂਲਾਂ ਨੂੰ ਇਸ ਸਬੰਧ ’ਚ ਸਰਕੂਲਰ ਕਦੋਂ ਭੇਜਿਆ ਜਾਵੇ।
ਸਕੂਲਾਂ ’ਚ ਜਾਗਰੂਕਤਾ ਕੰਪੇਨ ਚਲਾਇਆ ਜਾਵੇਗਾ
ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚੰਡੀਗਡ਼੍ਹ ਪ੍ਰਸ਼ਾਸਨ ਗੰਭੀਰ ਹੈ। ਡਰਾਈਵਰ  ਦੇ ਨਾਲ-ਨਾਲ ਬੱਸਾਂ ’ਚ ਸਵਾਰ ਬੱਚਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਕਰਨ ਦਾ ਫੈਸਲਾ ਲਿਆ ਗਿਆ ਹੈ।  ਸੋਮਵਾਰ ਨੂੰ ਇਸ ਸਬੰਧ ’ਚ ਟਰਾਂਸਪੋਰਟ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਬੈਠਕ ’ਚ ਫ਼ੈਸਲਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਆਪਣੀਆਂ-ਆਪਣੀਆਂ ਸਕੂਲ ਬੱਸਾਂ ’ਚ ਸਵਾਰ ਬੱਚਿਆਂ ਲਈ ਸੀਟ ਬੈਲਟ ਇੰਸਟਾਲ ਕਰਵਾਉਣ ਦੇ ਨਿਰਦੇਸ਼ ਦਿੱਤੇ  ਗਏ ਹਨ। ਸੀਟ ਬੈਲਟ ਲਾਜ਼ਮੀ ਕਰਨ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਕਰਮਚਾਰੀ ਜਿੱਥੇ ਇਕ ਪਾਸੇ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਸੀਟ ਬੈਲਟ ਲਾਉਣ ਲਈ ਜਾਗਰੂਕ ਕਰਨਗੇ, ਉਥੇ ਹੀ ਸਕੂਲੀ ਬੱਸਾਂ ’ਚ ਆਦੇਸ਼ਾਂ ਤੋਂ ਬਾਅਦ ਵੀ ਸਾਰੀਆਂ ਸੀਟਾਂ ’ਤੇ ਬੈਲਟ ਨਾ ਮਿਲਣ ਦੀ ਹਾਲਤ ’ਚ ਸੰਬੰਧਿਤ ਬਸ ਚਾਲਕ ਅਤੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਸੀਟ ਬੈਲਟ ਇੰਸਟਾਲ ਨਾ ਕਰਵਾਉਣ ਵਾਲੀਆਂ ਬੱਸਾਂ ਦੇ ਚਲਾਨ ਕਦੋਂ ਤੋਂ ਕੀਤੇ ਜਾਣਗੇ ਪਰ ਇਹ ਤੈਅ ਹੈ ਕਿ ਸੀਟ ਬੈਲਟ ਲਾਉਣ ਲਈ ਸਕੂਲਾਂ ’ਚ ਜਾਗਰੂਕਤਾ ਕੰਪੇਨ ਚਲਾਇਆ ਜਾਵੇਗਾ।
ਮਾਪਿਆਂ ਨੂੰ ਵੀ ਕੀਤਾ ਜਾਵੇਗਾ ਜਾਗਰੂਕ
ਸਕੂਲੀ ਬੱਸਾਂ ਦੇ ਨਾਲ ਹੀ ਟਰਾਂਸਪੋਰਟ ਡਿਪਾਰਟਮੈਂਟ ਸਕੂਲਾਂ ’ਚ ਬੱਚਿਆਂ ਨੂੰ ਲਿਜਾਣ ਲਈ ਚੱਲਣ ਵਾਲੇ ਆਟੋ ਚਾਲਕਾਂ ਨਾਲ ਵੀ ਸਖਤੀ ਨਾਲ ਨਿਪਟਣ ਦੀ ਤਿਆਰੀ ’ਚ ਹੈ। ਇਸ ਨੂੰ ਲੈ ਕੇ ਇਕ ਪਾਸੇ ਜਿਥੇ ਓਵਰਲੋਡ ਆਟੋ ਚਾਲਕਾਂ ਦੇ ਚਲਾਨ ਕੀਤੇ ਜਾਣਗੇ,  ਉਥੇ ਹੀ ਸਿੱਖਿਆ ਵਿਭਾਗ ਮਾਪਿਆਂ ਨੂੰ ਵੀ ਸਮਰੱਥਾ ਤੋਂ ਜ਼ਿਆਦਾ ਬੱਚਿਆਂ ਨੂੰ ਲਿਜਾਣ ਵਾਲੇ ਆਟੋ ’ਚ ਆਪਣੇ ਬੱਚਿਆਂ ਨੂੰ ਨਾ ਭੇਜਣ ਲਈ ਜਾਗਰੂਕਤਾ ਮੁਹਿੰਮ ਚਲਾਏਗਾ।


Related News