ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ
Sunday, Apr 21, 2024 - 03:54 PM (IST)
ਮੋਗਾ (ਗੋਪੀ ਰਾਊਕੇ) : ਹਰਿਆਣਾ ਸਕੂਲ ਬੱਸ ਹਾਦਸੇ 'ਚ 6 ਬੱਚਿਆਂ ਦੀਆਂ ਜਾਨਾਂ ਗੁਆਉਣ ਤੋਂ ਬਾਅਦ ਜ਼ਿਲ੍ਹਾ ਮੋਗਾ ਦੇ ਆਰ. ਟੀ. ਓ. ਸਾਰੰਗਪ੍ਰੀਤ ਸਿੰਘ ਨੇ ਬੱਚਿਆਂ ਨੂੰ ਸਕੂਲੀ ਬੱਸਾਂ 'ਚ ਸੁਰੱਖਿਅਤ ਰੱਖਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ ਤਾਂ ਜੋ ਜ਼ਿਲ੍ਹਾ ਮੋਗਾ ਵਿਚ ਕਿਸੇ ਅਣਗਹਿਲੀ ਕਾਰਨ ਕੋਈ ਵੱਡਾ ਸੜਕ ਹਾਦਸਾ ਨਾ ਵਾਪਰੇ ਅਤੇ ਕਿਸੇ ਮਾਸੂਮ ਬੱਚੇ ਦਾ ਨੁਕਸਾਨ ਨਾ ਹੋਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਕੂਲ ਬੱਸ ਲਈ ਫਿੱਟਨੈਸ ਸਰਟੀਫਿਕੇਟ ਹੋਣਾ ਜ਼ਰੂਰੀ ਹੈ।
ਬੱਸ ਡਰਾਈਵਰ ਕੋਲ ਰਜਿਸਟਰਡ ਸੀਟ ਸਮਰੱਥਾ ਤੋਂ ਵੱਧ ਬੱਚੇ ਨਹੀਂ ਹੋਣੇ ਚਾਹੀਦੇ। ਡਰਾਈਵਰ ਤਜ਼ਰਬੇਕਾਰ ਹੋਣ ਦੇ ਨਾਲ-ਨਾਲ ਉਸ ਕੋਲ ਵੈਧ ਲਾਇਸੈਂਸ ਹੋਣਾ ਚਾਹੀਦਾ ਹੈ ਅਤੇ ਬੱਸ ਵਿਚ ਸਪੀਡ ਗਵਰਨਰ ਕੰਮ ਕਰਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਦੇ ਹਰ ਸਕੂਲ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਹੀਂ ਤਾਂ ਉਸ ਸਕੂਲ ਦੇ ਪ੍ਰਬੰਧਕਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਵਾਹਨਾਂ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।
ਵਾਹਨ ਚਾਲਕਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਸੇਫ ਸਕੂਲ ਵਾਹਨ ਨੀਤੀ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਾਹਨ ਉਕਤ ਹਦਾਇਤਾਂ ਦੀ ਪਾਲਣਾ ਤੋਂ ਬਿਨਾਂ ਦੌੜਦਾ ਹੋਇਆ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਕੂਲ ਪ੍ਰਬੰਧਨ ਇਸ ਗੱਲ ਦਾ ਖ਼ਾਸ ਧਿਆਨ ਰੱਖੇ ਕਿ ਸਕੂਲੀ ਬੱਸ ਦਾ ਡਰਾਈਵਰ ਸ਼ਰਾਬ ਦੇ ਨਸ਼ੇ ਵਿਚ ਗੱਡੀ ਨਾ ਚਲਾਵੇ।