ਮੰਡੀ ਲੋਕ ਸਭਾ ਸੀਟ- ਕਾਂਗਰਸ ''ਚ ਪ੍ਰਤਿਭਾ ਤੋਂ ਬਾਅਦ ਹੁਣ ਵਿਕਰਮਾਦਿੱਤਿਆ ਦੇ ਨਾਂ ''ਤੇ ਮੰਥਨ

Sunday, Apr 07, 2024 - 09:57 AM (IST)

ਮੰਡੀ ਲੋਕ ਸਭਾ ਸੀਟ- ਕਾਂਗਰਸ ''ਚ ਪ੍ਰਤਿਭਾ ਤੋਂ ਬਾਅਦ ਹੁਣ ਵਿਕਰਮਾਦਿੱਤਿਆ ਦੇ ਨਾਂ ''ਤੇ ਮੰਥਨ

ਸ਼ਿਮਲਾ (ਕੁਲਦੀਪ)– ਲੋਕ ਸਭਾ ਚੋਣਾਂ ਲਈ 4 ਅਤੇ ਵਿਧਾਨ ਸਭਾ ਜ਼ਿਮਨੀ-ਚੋਣਾਂ ਲਈ 6 ਉਮੀਦਵਾਰਾਂ ਦੀ ਚੋਣ ਕਰਨ ਵਾਸਤੇ ਸ਼ਨੀਵਾਰ ਨੂੰ ਦਿੱਲੀ ਵਿਚ ਕਾਂਗਰਸ ਸਕ੍ਰੀਨਿੰਗ ਕਮੇਟੀ ਦੀ ਬੈਠਕ ਸਾਬਕਾ ਮੰਤਰੀ ਭਗਤ ਚਰਨ ਦਾਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ, ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸੂਬਾ ਕਾਂਗਰਸ ਇੰਚਾਰਜ ਰਾਜੀਵ ਸ਼ੁਕਲਾ, ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ, ਸਾਬਕਾ ਮੰਤਰੀ ਕੌਲ ਸਿੰਘ ਠਾਕੁਰ ਅਤੇ ਰਾਮਲਾਲ ਠਾਕੁਰ ਸਮੇਤ ਹੋਰ ਨੇਤਾਵਾਂ ਨੇ ਹਿੱਸਾ ਲਿਆ।

ਪਾਰਟੀ ਸੂਤਰਾਂ ਅਨੁਸਾਰ ਮੰਡੀ ਸੰਸਦੀ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਨਾਲ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਹਮੀਰਪੁਰ ਸੰਸਦੀ ਹਲਕੇ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਖਿਲਾਫ ਕਾਂਗਰਸ ਪਾਰਟੀ ਸਾਬਕਾ ਵਿਧਾਇਕ ਸਤਪਾਲ ਰਾਏਜ਼ਾਦਾ ਤੇ ਕੁਟਲੈਹੜ ਵਿਧਾਨ ਸਭਾ ਹਲਕੇ ਤੋਂ ਵਿਵੇਕ ਸ਼ਰਮਾ ਨੂੰ ਚੋਣ ਲੜਾਉਣ ’ਤੇ ਵਿਚਾਰ ਕਰ ਰਹੀ ਹੈ। ਇਸੇ ਤਰ੍ਹਾਂ ਕਾਂਗੜਾ ਤੇ ਸ਼ਿਮਲਾ ਸੰਸਦੀ ਹਲਕੇ ਅਤੇ ਵਿਧਾਨ ਸਭਾ ਜ਼ਿਮਨੀ-ਚੋਣਾਂ ਲਈ ਟਿਕਟ ਦਾ ਦਾਅਵਾ ਕਰਨ ਵਾਲੇ ਸਾਰੇ ਨੇਤਾਵਾਂ ਦੇ ਨਾਵਾਂ ’ਤੇ ਚਰਚਾ ਹੋਈ। ਸਕ੍ਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਉਮੀਦਵਾਰਾਂ ਦਾ ਪੈਨਲ ਕੇਂਦਰੀ ਚੋਣ ਕਮੇਟੀ ਨੂੰ ਭੇਜਿਆ ਗਿਆ ਹੈ। ਜਦੋਂ ਵੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੁੰਦੀ ਹੈ ਤਾਂ ਉਸ ਵਿਚ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲੱਗਣ ਦੀ ਸੰਭਾਵਨਾ ਹੁੰਦੀ ਹੈ।

ਲੋਕ ਸਭਾ ਤੇ ਵਿਧਾਨ ਸਭਾ ਲਈ ਉਮੀਦਵਾਰਾਂ ਦਾ ਪੈਨਲ

ਕਾਂਗੜਾ ਸੰਸਦੀ ਹਲਕੇ ਲਈ ਸਾਬਕਾ ਮੰਤਰੀ ਆਸ਼ਾ ਕੁਮਾਰੀ, ਸੰਜੇ ਚੌਹਾਨ ਤੇ ਕਰਨ ਪਠਾਨੀਆ ਅਤੇ ਸ਼ਿਮਲਾ ਸੰਸਦੀ ਹਲਕੇ ਲਈ ਦਿਆਲ ਪਿਆਰੀ ਤੇ ਅਮਿਤ ਨੰਦਾ ਦੇ ਨਾਲ ਭਾਜਪਾ ਦੀ ਟਿਕਟ ’ਤੇ 2 ਵਾਰ ਸੰਸਦ ਮੈਂਬਰ ਰਹੇ ਵਰਿੰਦਰ ਕਸ਼ਿਅਪ ਦਾ ਨਾਂ ਚਰਚਾ ਵਿਚ ਹੈ। ਮੰਡੀ ਸੰਸਦੀ ਹਲਕੇ ਤੋਂ ਪ੍ਰਤਿਭਾ ਸਿੰਘ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਤੇ ਹਮੀਰਪੁਰ ਸੰਸਦੀ ਹਲਕੇ ਤੋਂ ਸਾਬਕਾ ਵਿਧਾਇਕ ਸਤਪਾਲ ਰਾਏਜ਼ਾਦਾ ਦਾ ਨਾਂ ਸਾਹਮਣੇ ਆਇਆ ਹੈ। ਵਿਧਾਨ ਸਭਾ ਦੀਆਂ ਉਪ-ਚੋਣਾਂ ਲਈ ਧਰਮਸ਼ਾਲਾ ਤੋਂ ਦੇਵੇਂਦਰ ਜੱਗੀ ਤੇ ਰਾਕੇਸ਼ ਚੌਧਰੀ, ਗਗਰੇਟ ਤੋਂ ਰਾਕੇਸ਼ ਕਾਲੀਆ ਤੇ ਕੁਲਦੀਪ ਕੁਮਾਰ, ਬੜਸਰ ਤੋਂ ਸਾਬਕਾ ਵਿਧਾਇਕ ਮਨਜੀਤ ਡੋਗਰਾ, ਕਮਲ ਪਠਾਨੀਆ ਤੇ ਕਿਸ਼ਨ ਕੁਮਾਰ, ਸੁਜਾਨਪੁਰ ਤੋਂ ਰਾਜਿੰਦਰ ਵਰਮਾ, ਅਰੁਣ ਠਾਕੁਰ ਤੇ ਨਰੇਸ਼ ਠਾਕੁਰ ਦੇ ਨਾਂ ਚਰਚਾ ਵਿਚ ਹਨ। ਇਨ੍ਹਾਂ ਤੋਂ ਇਲਾਵਾ ਲਾਹੌਲ-ਸਪੀਤੀ ਤੋਂ ਸਾਬਕਾ ਮੰਤਰੀ ਡਾ. ਰਾਮਲਾਲ ਮਾਰਕੰਡਾ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ।

ਅਸੀਂ ਪੂਰੀ ਮਜ਼ਬੂਤੀ ਨਾਲ ਚੋਣ ਲੜਾਂਗੇ ਤੇ ਜਿੱਤਾਂਗੇ : ਵਿਕਰਮਾਦਿੱਤਿਆ

ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਮਜ਼ਬੂਤੀ ਨਾਲ ਚੋਣ ਲੜਾਂਗੇ ਅਤੇ ਕਾਂਗਰਸ ਪਾਰਟੀ ਮੰਡੀ ਸੰਸਦੀ ਹਲਕੇ ਦੇ ਨਾਲ ਸਾਰੀਆਂ ਉਪ-ਚੋਣਾਂ ਵੀ ਜਿੱਤੇਗੀ।


author

Tanu

Content Editor

Related News