ਇਸ ਬੈਲਟ ਬਾਕਸ ''ਚ ਹੋਈਆਂ ਸਨ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ, ਪੜ੍ਹੋ ਕਿਸ ਤਰ੍ਹਾਂ ਕੀਤੀ ਗਈ ਸੀ ਤਿਆਰੀ

Wednesday, Apr 10, 2024 - 11:59 AM (IST)

ਇਸ ਬੈਲਟ ਬਾਕਸ ''ਚ ਹੋਈਆਂ ਸਨ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ, ਪੜ੍ਹੋ ਕਿਸ ਤਰ੍ਹਾਂ ਕੀਤੀ ਗਈ ਸੀ ਤਿਆਰੀ

ਨੈਸ਼ਨਲ ਡੈਸਕ: ਇਸ ਵੇਲੇ ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਨਿਰਪੱਖ ਤੌਰ 'ਤੇ ਨੇਪਰੇ ਚਾੜ੍ਹਣ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਇਸ ਲਈ ਵੱਡੀ ਗਿਣਤੀ ਵਿਚ ਚੋਣ ਅਮਲਾ ਮਿਹਨਤ ਕਰ ਰਿਹਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਕਿਸ ਤਰ੍ਹਾਂ ਹੋਈਆਂ ਹੋਣਗੀਆਂ? ਉਸ ਵੇਲੇ ਨਾ ਤਾਂ ਕਿਸੇ ਨੂੰ ਅਜਿਹਾ ਤਜ਼ਰਬਾ ਸੀ ਤੇ ਨਾ ਹੀ ਇੰਨੇ ਸਾਧਨ ਮੌਜੂਦ ਸਨ। ਅੱਜ ਅਸੀਂ ਗੱਲ ਕਰਾਂਗੇ ਅਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਲਈ ਬਣਵਾਏ ਗਏ ਬੈਲਟ ਬਾਕਸ ਬਾਰੇ। 

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੇ ਝਾੜਿਆ ਅਨਿਲ ਮਸੀਹ ਤੋਂ ਪੱਲਾ! ਵਿਰੋਧੀਆਂ ਨੇ ਦੱਸਿਆ 'ਬਲੀ ਦਾ ਬੱਕਰਾ'

ਸਾਲ 1951-52 ਵਿਚ ਦੇਸ਼ ਦੀਆਂ ਪਹਿਲੀਆਂ ਚੋਣਾਂ ਵਿਚ ਦੇਸ਼ ਦੀ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਇਕੱਠਿਆਂ ਹੀ ਚੋਣ ਕਰਵਾਈ ਗਈ। ਆਜ਼ਾਦ ਭਾਰਤ ਲਈ ਇੰਨੇ ਵੱਡੇ ਪੱਧਰ 'ਤੇ ਚੋਣ ਕਰਵਾਉਣ ਦਾ ਪਹਿਲਾ ਮੌਕਾ ਸੀ। ਉਸ ਵੇਲੇ ਇਹ ਮੁੱਦਾ ਉੱਠਿਆ ਕਿ ਬੈਲਟ ਬਾਕਸ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ, ਇਨ੍ਹਾਂ ਦਾ ਆਕਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ? ਚੋਣ ਕਮਿਸ਼ਨ ਚਾਹੁੰਦਾ ਸੀ ਕਿ ਬੈਲਟ ਬਾਕਸ ਅਜਿਹੇ ਹੋਣ ਜਿਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਾ ਕੀਤੀ ਜਾ ਸਕੇ। ਉਸ ਵੇਲੇ 2 ਲੱਖ ਤੋਂ ਵੱਧ ਵੋਟਿੰਗ ਸੈਂਟਰਾਂ ਲਈ ਤਕਰੀਬਨ 20 ਲੱਖ ਬੈਲਟ ਬਾਕਸ ਚਾਹੀਦੇ ਸਨ। ਪਹਿਲੀਆਂ ਆਮ ਚੋਣਾਂ ਵਿਚ ਬੈਲਟ ਬਾਕਸ ਤਿਆਰ ਕਰਵਾਉਣ ਵਿਚ ਕੁੱਲ੍ਹ 1 ਕਰੋੜ ਤੋਂ ਵੱਧ (1,22,87,345 ਰੁਪਏ) ਦਾ ਖ਼ਰਚਾ ਆਇਆ ਸੀ।

ਚੋਣ ਕਮਿਸ਼ਨ ਨੇ ਫ਼ੈਸਲਾ ਕੀਤਾ ਕਿ ਉਸ ਵੱਲੋਂ ਨਿਰਧਾਰਤ ਮਾਪਦੰਡਾ ਮੁਤਾਬਕ ਸਾਰੇ ਬਾਕਸ ਸਟੀਲ ਦੇ ਬਣਾਏ ਜਾਣਗੇ। ਇਸ ਦੇ ਨਾਲ ਹੀ ਅਜਿਹੇ ਬਾਕਸ ਬਣਵਾਏ ਜਾਣ ਜਿਨ੍ਹਾਂ ਨੂੰ ਬੰਦ ਕਰਨ ਲਈ ਵੱਖੋ-ਵੱਖਰੇ ਤਾਲਿਆਂ ਦੀ ਲੋੜ ਨਾ ਪਵੇ। ਇਸ ਗੱਲ ਦਾ ਵੀ ਧਿਆਨ ਰੱਖਣਾ ਸੀ ਕਿ ਇਹ ਬਹੁਤ ਜ਼ਿਆਦਾ ਮਹਿੰਗੇ ਨਾ ਹੋਣ। ਹਰ ਬਾਕਸ 8 ਇੰਚ ਉੱਚਾ, 9 ਇੰਚ ਲੰਬਾ ਤੇ 7 ਇੰਚ ਚੌੜਾ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਬਾਕਸ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਵੇ ਕਿ ਇਸ ਦਾ ਕੋਈ ਵੀ ਹਿੱਸਾ ਬਾਹਰ ਨਾ ਨਿਕਲਿਆ ਹੋਵੇ, ਤਾਂ ਜੋ ਇਨ੍ਹਾਂ ਨੂੰ ਇਕੱਠਿਆਂ ਪੈਕ ਕੀਤਾ ਜਾ ਸਕੇ।

ਗੋਦਰੇਜ ਗਰੁੱਪ ਨੇ ਬਣਾਏ ਸੀ ਬੈਲਟ ਬਾਕਸ

ਇਸ ਵੇਲੇ ਦੇਸ਼ ਦੀਆਂ ਜ਼ਿਆਦਾਤਰ ਕੰਪਨੀਆਂ ਨੂੰ ਇਹ ਨਹੀਂ ਪਤਾ ਸੀ ਕਿ ਸੇਫਟੀ ਫੀਚਰਸ ਨਾਲ ਲੈਸ ਬੈਲਟ ਬਾਕਸ ਕਿਵੇਂ ਬਣਾਏ ਜਾਣ। ਇਸ ਕੰਮ ਨੂੰ ਪੂਰਾ ਕੀਤਾ ਮੁੰਬਈ ਦੇ ਗੋਦਰੇਜ ਗਰੁੱਪ ਨੇ। ਗੋਦਰੇਜ ਗਰੁੱਪ ਨੇ ਦੇਸ਼ ਦੀਆਂ ਪਹਿਲੀਆਂ ਚੋਣਾਂ ਲਈ 12.83 ਲੱਖ ਬੈਲਟ ਬਾਕਸ ਬਣਾਏ। ਉਸ ਵੇਲੇ ਦੇਸ਼ ਵਿਚ ਗੋਦਰੇਜ ਗਰੁੱਪ ਨੂੰ ਹੀ ਤਿਜੌਰੀ-ਲਾਕਰ ਆਦਿ ਬਣਾਉਣ ਦਾ ਤਜ਼ਰਬਾ ਸੀ। ਇਸੇ ਤਜ਼ਰਬੇ ਸਦਕਾ ਕੰਪਨੀ ਨੇ ਮਹਿਜ਼ 4 ਮਹੀਨਿਆਂ ਵਿਚ 12.24 ਲੱਖ ਬੈਲਟ ਬਾਕਸ ਬਣਾਏ। ਗੋਦਰੇਜ ਗਰੁੱਪ ਨੇ ਪ੍ਰਤੀ ਦਿਨ 15 ਹਜ਼ਾਰ ਦੇ ਕਰੀਬ ਬੈਲਟ ਬਾਕਸ ਬਣਾ ਕੇ ਨਾ ਸਿਰਫ਼ ਆਪਣਾ ਆਰਡਰ ਪੂਰਾ ਕੀਤਾ, ਸਗੋਂ ਉਨ੍ਹਾਂ ਕੰਪਨੀਆਂ ਦੇ ਆਰਡਰ ਵੀ ਭੁਗਤਾਏ ਜੋ ਸਮੇਂ ਸਿਰ ਬੈਲਟ ਬਾਕਸ ਦੀ ਡਿਲੀਵਰੀ ਨਹੀਂ ਕਰ ਸਕਦੀਆਂ ਸਨ। 

ਇਹ ਖ਼ਬਰ ਵੀ ਪੜ੍ਹੋ -  ਦਿੱਲੀ ਕਾਂਗਰਸ ਦਰਬਾਰ 'ਚ ਅਜੇ ਵੀ ਬੈਂਸ ਤੇ ਆਸ਼ੂ ਦੇ ਚਰਚੇ! 3 ਪਾਰਟੀਆਂ ਨੂੰ ਲੁਧਿਆਣਾ ਤੋਂ ਉਮੀਦਵਾਰ ਦੀ ਭਾਲ

5 ਰੁਪਏ ਸੀ ਇਕ  ਬੈਲਟ ਬਾਕਸ ਦੀ ਕੀਮਤ

ਉਸ ਵੇਲੇ ਸਰਕਾਰ ਨੇ ਹਰ ਬੈਲਟ ਬਾਕਸ ਦੀ ਕੀਮਤ 5 ਰੁਪਏ ਨਿਰਧਾਰਤ ਕੀਤੀ ਸੀ। ਗੋਦਰੇਜ ਗਰੁੱਪ ਮੁਤਾਬਕ ਇੰਜੀਨੀਅਰਜ਼ ਨੇ ਇਸ ਦਾ ਡਿਜ਼ਾਈਨ ਤਾਂ ਤਿਆਰ ਕਰ ਲਿਆ ਸੀ, ਪਰ ਉਸ ਨੂੰ ਬੰਦ ਕਰਨ ਲਈ ਤਾਲੇ ਦੀ ਲੋੜ ਸੀ, ਜੋ ਮਹਿੰਗਾ ਪੈ ਰਿਹਾ ਸੀ। ਇਸ ਲਈ ਗਰੁੱਪ ਵੱਲੋਂ ਡਿਜ਼ਾਈਨ ਵਿਚ ਕੁੱਝ ਤਬਦੀਲੀ ਕਰਨੀ ਸ਼ੁਰੂ ਕਰ ਦਿੱਤੀ ਗਈ। ਬੈਲਟ ਬਾਕਸ ਨੂੰ ਬਜਟ ਵਿਚ ਤਿਆਰ ਕਰਨ ਲਈ ਕੰਪਨੀ ਦੇ ਸ਼ੌਪ ਫਲੋਰ 'ਤੇ ਕੰਮ ਕਰਨ ਵਾਲੇ ਨੱਥਾਲਾਲ ਪੰਚਾਲ ਨੇ ਇੰਟਰਨਲ ਲਾੱਕ ਦਾ ਡਿਜ਼ਾਈਨ ਤਿਆਰ ਕੀਤਾ। ਉਸ ਵੇਲੇ ਬੈਲਟ ਬਾਕਸ ਦੇ 50 ਪ੍ਰੋਟੋਟਾਈਪ ਤਿਆਰ ਕੀਤੇ ਗਏ, ਜਿੰਨ੍ਹਾਂ ਵਿਚੋਂ ਇਕ ਫਾਈਨਲ ਕੀਤਾ ਗਿਆ। ਸੂਬਿਆਂ ਨੂੰ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਡਿਜ਼ਾਈਨ ਮੁਤਾਬਕ ਕਿਸੇ ਵੀ ਇਕਾਈ ਤੋਂ ਬੈਲਟ ਬਾਕਸ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News