ਦੇਸ਼ ’ਚ ਸਕੂਲੀ ਬੱਸ ਹਾਦਸਿਆਂ ’ਚ ਹੋ ਰਹੀਆਂ ਬੱਚਿਆਂ ਦੀਆਂ ''ਦਰਦਨਾਕ'' ਮੌਤਾਂ

Friday, Apr 12, 2024 - 03:40 AM (IST)

ਦੇਸ਼ ’ਚ ਸਕੂਲੀ ਬੱਸ ਹਾਦਸਿਆਂ ’ਚ ਹੋ ਰਹੀਆਂ ਬੱਚਿਆਂ ਦੀਆਂ ''ਦਰਦਨਾਕ'' ਮੌਤਾਂ

ਦੇਸ਼ ’ਚ ਸੜਕ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਇਕ ਪਾਸੇ ਬੱਸਾਂ, ਕਾਰਾਂ, ਟਰੱਕਾਂ ਅਤੇ ਦੋਪਹੀਆ ਵਾਹਨਾਂ ਆਦਿ ਦੇ ਹਾਦਸਿਆਂ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਜਾ ਰਹੇ ਹਨ ਤਾਂ ਦੂਜੇ ਪਾਸੇ ਸਕੂਲੀ ਬੱਸਾਂ ਦੇ ਡਰਾਈਵਰਾਂ ਵਲੋਂ ਵੀ ਮੋਬਾਈਲ ’ਤੇ ਗੱਲ ਕਰਦਿਆਂ ਜਾਂ ਨਸ਼ੇ ਦੀ ਹਾਲਤ ’ਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਨਾਲ ਮਾਸੂਮ ਬੱਚਿਆਂ ਦੀ ਜਾਨ ਜੋਖਮ ’ਚ ਪੈ ਰਹੀ ਹੈ, ਜੋ ਇਸੇ ਸਾਲ ਹੋਏ ਹੇਠਲੇ ਸਕੂਲੀ ਬੱਸ ਹਾਦਸਿਆਂ ਤੋਂ ਸਪੱਸ਼ਟ ਹੈ:

* 5 ਜਨਵਰੀ, 2024 ਨੂੰ ਭੋਪਾਲ ’ਚ ਇਕ ਸਕੂਲੀ ਬੱਸ ਡਰਾਈਵਰ ਦੀ ਲਾਪ੍ਰਵਾਹੀ ਨਾਲ ਬੱਸ ਦੇ ਬੇਕਾਬੂ ਹੋ ਕੇ ਟੋਏ ’ਚ ਜਾ ਡਿੱਗਣ ਨਾਲ 12 ਬੱਚੇ ਜ਼ਖਮੀ ਹੋ ਗਏ।

* 11 ਜਨਵਰੀ ਨੂੰ ਸੁਮੇਰਪੁਰ (ਪਾਲੀ, ਰਾਜਸਥਾਨ) ’ਚ ਇਕ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਦੇ ਨਤੀਜੇ ਵਜੋਂ 11 ਬੱਚੇ ਜ਼ਖਮੀ ਹੋ ਗਏ।

* 18 ਜਨਵਰੀ ਨੂੰ ਸਰਿਤਾ ਵਿਹਾਰ, ਦਿੱਲੀ ’ਚ ਇਕ ਤੇਜ਼ ਰਫਤਾਰ ਸਕੂਲੀ ਬੱਸ ਨੇ ਸੜਕ ’ਤੇ ਆਪਣੀ ਮਾਂ ਨਾਲ ਜਾ ਰਹੀ ਇਕ ਬੱਚੀ ਨੂੰ ਦਰੜ ਦਿੱਤਾ।

* 18 ਜਨਵਰੀ, 2024 ਨੂੰ ਹੀ ਸਾਗਰ (ਮੱਧ ਪ੍ਰਦੇਸ਼) ’ਚ ਇਕ ਤੇਜ਼ ਰਫਤਾਰ ਸਕੂਲੀ ਬੱਸ ਦੇ ਨਸ਼ੇ ’ਚ ਧੁੱਤ ਡਰਾਈਵਰ ਨੇ ਬੱਸ ਇਕ ਰੁੱਖ ’ਚ ਲਿਜਾ ਕੇ ਮਾਰੀ, ਜਿਸ ਨਾਲ 14 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ।

* 23 ਫਰਵਰੀ ਨੂੰ ਕੁੱਲੂ (ਹਿਮਾਚਲ ਪ੍ਰਦੇਸ਼) ਦੇ ਬੰਜਾਰ ’ਚ ਇਕ ਸਕੂਲੀ ਬੱਸ ਟੋਏ ’ਚ ਜਾ ਡਿੱਗੀ, ਜਿਸ ਨਾਲ 7 ਬੱਚੇ ਜ਼ਖਮੀ ਹੋ ਗਏ।

* 2 ਅਪ੍ਰੈਲ ਨੂੰ ਬਾਰਾਬੰਕੀ (ਉੱਤਰ ਪ੍ਰਦੇਸ਼) ’ਚ ਪਿਕਨਿਕ ਮਨਾ ਕੇ ਪਰਤ ਰਹੇ ਬੱਚਿਆ ਦੀ ਤੇਜ਼ ਰਫਤਾਰ ਸਕੂਲੀ ਬੱਸ ਬੇਕਾਬੂ ਹੋ ਕੇ ਪਲਟ ਜਾਣ ਦੇ ਸਿੱਟੇ ਵਜੋਂ ਬੱਸ ਦੇ ਕੰਡਕਟਰ ਅਤੇ 3 ਬੱਚਿਆਂ ਦੀ ਮੌਤ ਅਤੇ 38 ਹੋਰ ਜ਼ਖਮੀ ਹੋ ਗਏ।

* 11 ਅਪ੍ਰੈਲ ਨੂੰ ਸਵੇਰੇ ਲਗਭਗ 9 ਵਜੇ ਹਰਿਆਣਾ ’ਚ ਕਨੀਨਾ ਦੇ ਜੀ.ਐੱਲ. ਪਬਲਿਕ ਸਕੂਲ ਦੀ ਬੱਸ ਦੇ ‘ਉਨਹਾਣੀ’ ਨੇੜੇ ਇਕ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ 2 ਸਕੇ ਭਰਾਵਾਂ ਸਮੇਤ 6 ਬੱਚਿਆਂ ਦੀ ਦਰਦਨਾਕ ਮੌਤ ਅਤੇ 37 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਕਈ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਇਕ ਵਿਦਿਆਰਥੀ ਅਨੁਸਾਰ ਸ਼ਰਾਬ ਦੇ ਨਸ਼ੇ ’ਚ ਬੱਸ ਦੇ ਡਰਾਈਵਰ ਨੇ 120 ਕਿਲੋਮੀਟਰ ਦੀ ਤੇਜ਼ ਰਫਤਾਰ ਨਾਲ ਬੱਸ ਚਲਾਉਂਦੇ ਹੋਏ ਇਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੇ ਚੱਕਰ ’ਚ ਬੱਸ ਨੂੰ ਇਕ ਰੁੱਖ ’ਚ ਲਿਜਾ ਕੇ ਮਾਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਬੱਸ ਦੀਆਂ ਖਿੜਕੀਆਂ 'ਚੋਂ ਭੁੜਕ ਕੇ ਬਾਹਰ ਜਾ ਡਿੱਗੇ। ਖੂਨ ਨਾਲ ਲਿੱਬੜੇ ਬੱਚਿਆਂ ਦੇ ਚੀਕਣ-ਚਿੱਲਾਉਣ ਦੀਆਂ ਆਵਾਜ਼ਾਂ ਦੂਰ-ਦੂਰ ਤੱਕ ਸੁਣਾਈ ਦੇ ਰਹੀਆਂ ਸਨ।

ਈਦ ਦੀ ਛੁੱਟੀ ਹੋਣ ਦੇ ਬਾਵਜੂਦ ਸਕੂਲ ’ਚ ਛੁੱਟੀ ਨਹੀਂ ਕੀਤੀ ਗਈ ਸੀ। ਪਤਾ ਲੱਗਾ ਹੈ ਕਿ ਬੱਸ ਦਾ ਫਿਟਨੈੱਸ ਸਰਟੀਫਿਕੇਟ 6 ਸਾਲ ਪਹਿਲਾਂ 2018 ’ਚ ਹੀ ਖ਼ਤਮ ਹੋ ਗਿਆ ਸੀ ਅਤੇ ਇਸ ਤੋਂ ਬਿਨਾਂ ਹੀ ਬੱਸ ਚਲਾਈ ਜਾ ਰਹੀ ਸੀ। ਇਸ ਤਰ੍ਹਾਂ ਸਕੂਲਾਂ ਦੀਆਂ ਟੁੱਟੀਆਂ ਅਤੇ ਖਟਾਰਾਂ ਬੱਸਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀਆਂ ਹਨ, ਜਿਸ ਨਾਲ ਬੱਸਾਂ ਦੀ ‘ਪਾਸਿੰਗ’ ਨੂੰ ਲੈ ਕੇ ਵੀ ਸਵਾਲ ਉੱਠਣ ਲੱਗੇ ਹਨ।

ਦੱਸਿਆ ਜਾਂਦਾ ਹੈ ਕਿ ਇਸ ਘਟਨਾ ਤੋਂ ਪਹਿਲਾਂ ਡਰਾਈਵਰ ਨੇ ਖੇੜੀ ਪਿੰਡ ਨੇੜੇ ਇਕ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸੂਬੇ ਦੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਕਿਹਾ ਹੈ ਕਿ ਬੱਸ ਦੇ ਡਰਾਈਵਰ, ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ’ਤੇ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ।

ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਕੂਲੀ ਬੱਸਾਂ ਦੇ ਸੁਰੱਖਿਅਤ ਆਪ੍ਰੇਸ਼ਨ ਲਈ ਕੁਝ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਸਾਰੀਆਂ ਸਕੂਲ ਬੱਸਾਂ ’ਚ ਫਸਟ-ਏਡ ਬਾਕਸ ਰੱਖਣਾ ਅਤੇ ਐਮਰਜੈਂਸੀ ਨੰਬਰ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ।

ਸਕੂਲੀ ਬੱਸਾਂ ’ਚ ਸਪੀਡ ਗਵਰਨਰ ਲਾਉਣਾ, ਫਿਟਨੈੱਸ ਸਰਟੀਫਿਕੇਟ ਦਾ ਨਿਯਮਿਤ ਨਵੀਨੀਕਰਨ, ਪੁਰਾਣੀਆਂ ਅਤੇ ਖਟਾਰਾ ਬੱਸਾਂ ਦੀ ਥਾਂ ਚੰਗੀ ਹਾਲਤ ਵਾਲੀਆਂ ਬੱਸਾਂ ਦੀ ਹੀ ਵਰਤੋਂ ਯਕੀਨੀ ਬਣਾਉਣ ਤੋਂ ਇਲਾਵਾ ਵਾਹਨ ਚਾਲਕਾਂ ਦੀ ਉਮਰ ਅਤੇ ਸਿਹਤ ਸਬੰਧੀ ਜਾਂਚ ਕਰਨੀ ਵੀ ਜ਼ਰੂਰੀ ਹੈ।

ਸਕੂਲਾਂ ਦੇ ਪ੍ਰਬੰਧਕ ਨਸ਼ਾ ਕਰਨ ਵਾਲਿਆਂ ਨੂੰ ਡਰਾਈਵਰ ਅਤੇ ਸਹਾਇਕ ਨਾ ਰੱਖਣ। ਕੁਝ ਸਕੂਲਾਂ ਦੇ ਪ੍ਰਬੰਧਕ ਆਪਣੀਆਂ ਬੱਸਾਂ ਦੇ ਡਰਾਈਵਰਾਂ ਸਬੰਧੀ ਸ਼ਿਕਾਇਤਾਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਨਾ ਹੀ ਉਨ੍ਹਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹਨ। ਅਜਿਹਾ ਵਤੀਰਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News