ਪੰਜਾਬ 'ਚ ਸਕੂਲੀ ਬੱਸਾਂ ਨੂੰ ਲੈ ਕੇ ਸਖ਼ਤ ਪਾਲਿਸੀ ਲਾਗੂ, ਬੁਲਾਈ ਗਈ ਪ੍ਰਿੰਸੀਪਲਾਂ ਦੀ ਮੀਟਿੰਗ

04/15/2024 12:24:19 PM

ਲੁਧਿਆਣਾ (ਵਿੱਕੀ) : ਹਰਿਆਣਾ ਦੇ ਮਹਿੰਦਰਗੜ੍ਹ ’ਚ ਹੋਏ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਸਕੂਲੀ ਬੱਸ ਹਾਦਸੇ ਤੋਂ ਬਾਅਦ ਜਿੱਥੇ ਪੰਜਾਬ ਦੇ ਮੁੱਖ ਸਕੱਤਰ ਨੇ ਸਕੂਲੀ ਬੱਸਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ, ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਤੁਹਾਡੇ ਬੱਚਿਆਂ ਨੂੰ ਘਰੋਂ ਸਕੂਲ ਪਹੁੰਚਾਉਣ ਅਤੇ ਸੁਰੱਖਿਅਤ ਵਾਪਸ ਲਿਆਉਣ ਲਈ ਫ਼ਿਕਰਮੰਦ ਦਿਖਾਈ ਦੇ ਰਿਹਾ ਹੈ। ਇਹੀ ਵਜ੍ਹਾ ਹੈ ਕਿ ਲੁਧਿਆਣਾ ਦੇ ਸਕੂਲਾਂ ਲਈ ਚੱਲ ਰਹੀਆਂ ਬੱਸਾਂ ’ਚ ਸੇਫ ਸਕੂਲ ਵਾਹਨ ਪਾਲਿਸੀ ਦਾ ਰੀਵਿਊ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਇਸੇ ਲੜੀ ਤਹਿਤ ਡੀ. ਸੀ. ਸਾਕਸੀ ਸਾਹਨੀ ਨੇ 16 ਅਪ੍ਰੈਲ ਮੰਗਲਵਾਰ ਨੂੰ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਬੁਲਾਈ ਗਈ ਹੈ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ’ਚ ਸਵੇਰੇ 10 ਵਜੇ ਹੋਣ ਵਾਲੀ ਇਸ ਮੀਟਿੰਗ ’ਚ ਡੀ. ਸੀ. ਸਾਕਸ਼ੀ ਖ਼ੁਦ ਸਕੂਲ ਪ੍ਰਿੰਸੀਪਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਪਾਠ ਪੜ੍ਹਾਉਣਗੇ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ Exams 'ਚ ਨਹੀਂ ਮਾਰਨਾ ਪਵੇਗਾ ਰੱਟਾ, ਨਵਾਂ ਸਰਕੂਲਰ ਜਾਰੀ

ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਬੀਤੇ ਦਿਨੀਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਿਆਂ ਦੇ ਪੁਲਸ ਪ੍ਰਮੁੱਖਾਂ ਨੂੰ ਸਕੂਲੀ ਬੱਸਾਂ ਨੂੰ ਵਿਦਿਆਰਥੀਆਂ ਲਈ ਸੁਰੱਖਿਅਤ ਬਣਾਉਣ ਲਈ ਚੈਕਿੰਗ ਦੇ ਨਿਰਦੇਸ਼ ਜਾਰੀ ਕੀਤੇ ਸਨ। ਚੀਫ ਸੈਕਟਰੀ ਨੇ ਸਕੂਲੀ ਬੱਸਾਂ ਦੀ ਚੈਕਿੰਗ ਦੌਰਾਨ ਸਾਹਮਣੇ ਆਉਣ ਵਾਲੀ ਰਿਪੋਰਟ ਸਰਕਾਰ ਨੂੰ ਭੇਜਣ ਲਈ ਕਿਹਾ ਹੈ। 2 ਦਿਨ ਪਹਿਲਾਂ ਜਾਰੀ ਹੁਕਮਾਂ ’ਚ ਸਾਫ਼ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲੀ ਬੱਸ ’ਚ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਪਾਈ ਜਾਵੇ ਤਾਂ ਸਕੂਲ ਦੇ ਨਾਲ ਬੱਸ ਮਾਲਕ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਾ ਕੀਤਾ ਜਾਵੇ। ਸਾਰੇ ਜ਼ਿਲ੍ਹਿਆਂ ਨੂੰ ਚੈਕਿੰਗ ਦੀ ਰਿਪੋਰਟ 30 ਅਪ੍ਰੈਲ ਤੱਕ ਭੇਜਣ ਦੇ ਹੁਕਮ ਦਿੱਤੇ ਗਏ ਹਨ। ਉਕਤ ਹੁਕਮਾਂ ’ਤੇ ਅਮਲ ਕਰਦੇ ਹੋਏ ਡੀ. ਸੀ. ਨੇ ਆਰ. ਟੀ. ਏ. ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਮੀਟਿੰਗ ਲਈ ਉੱਚਿਤ ਪ੍ਰਬੰਧ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਸਕੂਲਾਂ ਨੂੰ ਮੀਟਿੰਗ ’ਚ ਦੇਣਾ ਹੋਵੇਗਾ ਸਵੈ-ਘੋਸ਼ਣਾ ਪੱਤਰ, ਲਾਪਰਵਾਹੀ ਲਈ ਹੋਵੇਗਾ ਐਕਸ਼ਨ
ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਉਕਤ ਸਬੰਧੀ ਸਕੂਲਾਂ ਨੂੰ ਭੇਜੀ ਗਈ ਸੂਚਨਾ ਮੁਤਾਬਕ ਹਰ ਪ੍ਰਾਈਵੇਟ ਅਤੇ ਏਡਿਡ ਸਕੂਲ ਦੇ ਪ੍ਰਮੁੱਖ ਨੂੰ ਮੀਟਿੰਗ ’ਚ ਜ਼ਰੂਰੀ ਤੌਰ ’ਤੇ ਸ਼ਾਮਲ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡੀ. ਈ. ਓ. ਨੇ ਕਿਹਾ ਕਿ ਇਸ ਮੀਟਿੰਗ ਵਿਚ ਕਿਸੇ ਕਿਸਮ ਦੀ ਗੈਰ-ਮੌਜੂਦਗੀ ਅਤੇ ਲਾਪਰਵਾਹੀ ਲਈ ਸਕੂਲ ਪ੍ਰਮੁੱਖ ਖ਼ੁਦ ਜ਼ਿੰਮੇਵਾਰ ਹੋਣਗੇ। ਜਾਣਕਾਰੀ ਮੁਤਾਬਕ ਆਰ. ਟੀ. ਏ. ਵੱਲੋਂ ਤਿਆਰ ਕੀਤਾ ਗਿਆ ਪ੍ਰੋਫਾਰਮਾ ਅਤੇ ਸਵੈ-ਘੋਸ਼ਣਾ ਪੱਤਰ ਵੀ ਡੀ. ਈ. ਓ. ਨੇ ਸਾਰੇ ਨਿੱਜੀ ਸਕੂਲਾਂ ਨੂੰ ਜਾਰੀ ਕੀਤਾ ਹੈ, ਜਿਸ ਨੂੰ ਮੀਟਿੰਗ ਵਾਲੇ ਦਿਨ ਪ੍ਰਿੰਸੀਪਲਾਂ ਨੂੰ ਆਪਣੇ ਨਾਲ ਭਰ ਕੇ ਲਿਆਉਣਾ ਹੋਵੇਗਾ। ਇਸ ਸਵੈ-ਘੋਸ਼ਣਾ ਪੱਤਰ ਵਿਚ ਪ੍ਰਿੰਸੀਪਲ ਵੱਲੋਂ ਸਕੂਲ ਲਈ ਚੱਲਣ ਵਾਲੀਆਂ ਬੱਸਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਦੇ ਨਾਲ ਹੀ ਸਕੂਲਾਂ ਨੂੰ ਜਾਰੀ ਇਕ ਪ੍ਰੋਫਾਰਮਾਂ ’ਚ ਪ੍ਰਿੰਸੀਪਲਾਂ ਨੂੰ ਸਕੂਲ ਲਈ ਚੱਲਣ ਵਾਲੀਆਂ ਸਾਰੀਆਂ ਬੱਸਾਂ ਦੇ ਨੰਬਰ, ਡਰਾਈਵਰ ਦਾ ਨਾਂ ਅਤੇ ਉਸ ਦਾ ਲਾਇਸੈਂਸ ਨੰਬਰ ਵੀ ਦੱਸਣਾ ਹੋਵੇਗਾ। ਇਸ ਪ੍ਰੋਫਾਰਮਾ ’ਚ ਸਕੂਲ ਟਰਾਂਸਪੋਰਟ ਇੰਚਾਰਜ ਨਾਲ ਪ੍ਰਿੰਸੀਪਲ ਦੇ ਸਾਈਨ ਵੀ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੱਸ ਦੇਈਏ ਕਿ ਇਸੇ ਦਿਨ ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਦੀ ਵੱਖਰੀ ਮੀਟਿੰਗ ਵੀ ਰੱਖੀ ਹੈ, ਜਿਸ ਵਚ ਸਕੂਲਾਂ ਨੂੰ ਮੁੱਖ ਬੋਰਡ ’ਤੇ ਸਕੂਲ ਦਾ ਨਾਂ ਪੰਜਾਬੀ ’ਚ ਵੱਡੇ ਅੱਖਰਾਂ ’ਚ ਲਿਖੇ ਜਾਣ ਦੇ ਨਿਰਦੇਸ਼ ਵੀ ਦਿੱਤੇ ਜਾਣਗੇ।
ਇਨ੍ਹਾਂ ਪੁਆਇੰਟਸ ’ਤੇ ਹੋਵੇਗੀ ਬੱਸਾਂ ਦੀ ਚੈਕਿੰਗ
ਹਰ ਸਕੂਲੀ ਬੱਸ ਦੇ ਕੋਲ ਸਰਟੀਫਿਕੇਟ ਹੋਵੇ।
ਬੱਸ ’ਚ ਸੀਟਿੰਗ ਕੈਪੇਸਿਟੀ ਤੋਂ ਜ਼ਿਆਦਾ ਬੱਚੇ ਨਾ ਬੈਠੇ ਹੋਣ।
ਸਪੀਡ ਗਵਰਨਰ ਚਾਲੂ ਹਾਲਾਤ ’ਚ ਲੱਗਾ ਹੋਵੇ।
ਡਰਾਈਵਰ ਕੋਲ ਲਾਇਸੈਂਸ ਹੋਵੇ।
ਸੇਫ ਸਕੂਲ ਵਾਹਨ ਸਕੀਮ ਦੇ ਸਾਰੇ ਪਹਿਲੂਆਂ ਦੀ ਹੋਵੇਗੀ ਚੈਕਿੰਗ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News