ਲੁਧਿਆਣਾ ਸੀਟ ਨੂੰ ਲੈ ਕੇ ਕਾਂਗਰਸ ਇਕ-ਦੋ ਦਿਨ ’ਚ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ
Wednesday, Apr 24, 2024 - 11:00 AM (IST)
ਲੁਧਿਆਣਾ (ਰਿੰਕੂ) : ਲੁਧਿਆਣਾ ਲੋਕ ਸਭਾ ਸੀਟ ’ਤੇ ਜਿੱਥੇ ਭਾਜਪਾ, ‘ਆਪ’ ਅਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਹਨ, ਉੱਥੇ ਕਾਂਗਰਸ ਹਾਈਕਮਾਨ ਨੇ ਇਸ ਸੀਟ ’ਤੇ ਉਮੀਦਵਾਰ ਦਾ ਐਲਾਨ ਅਜੇ ਤੱਕ ਨਹੀਂ ਕੀਤਾ। ਇਸ ਸਬੰਧੀ ਦੇਰ ਲਈ ਮਹਾਨਗਰ ਲੁਧਿਆਣਾ ’ਚ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਦਿਖਾਈ ਦੇ ਰਿਹਾ ਹੈ, ਜਦੋਂ ਕਿ ਰਾਜਨੀਤਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਹਾਈਕਮਾਨ 1 ਜਾਂ 2 ਦਿਨ ਦੇ ਅੰਦਰ ਇਸ ਸੀਟ ’ਤੇ ਐਲਾਨ ਕਰ ਸਕਦੀ ਹੈ।
ਸੂਤਰਾਂ ਮੁਤਾਬਕ ਕਾਂਗਰਸ ਜੇਕਰ ਇਸ ਸੀਟ ’ਤੇ ਕਿਸੇ ਹਿੰਦੂ ਨੇਤਾ ਨੂੰ ਮੈਦਾਨ ’ਚ ਉਤਾਰਦੀ ਹੈ ਤਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦਾ ਨਾਂ ਮੌਜੂਦਾ ਸਮੇਂ ’ਚ ਸਭ ਤੋਂ ਅੱਗੇ ਚੱਲ ਰਿਹਾ ਹੈ, ਜਦੋਂਕਿ ਕਾਂਗਰਸ ਪਾਰਟੀ ਜੇਕਰ ਜੱਟ ਸਿੱਖ ਚਿਹਰੇ ’ਤੇ ਦਾਅ ਖੇਡਦੀ ਹੈ ਤਾਂ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਅਤੇ ਸਵ. ਬੇਅੰਤ ਸਿੰਘ ਦੇ ਪੋਤੇ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਜੋ ਖੰਨਾ ਤੋਂ ਵਿਧਾਇਕ ਰਹੇ ਹਨ, ਦੇ ਨਾਂ ਦੀ ਵੀ ਬੇਹੱਦ ਚਰਚਾ ਹੈ ਕਿਉਂਕਿ ਲੁਧਿਆਣਾ ਸੀਟ ’ਤੇ ਭਾਜਪਾ ਦੇ ਰਵਨੀਤ ਬਿੱਟੂ ਉਮੀਦਵਾਰ ਹਨ।
ਕਾਂਗਰਸ ਪਾਰਟੀ ਉਨ੍ਹਾਂ ਦੇ ਚਚੇਰੇ ਭਰਾ ਗੁਰਕੀਰਤ ਨੂੰ ਉਮੀਦਵਾਰ ਬਣਾਉਣ ’ਤੇ ਵੀ ਵਿਚਾਰ ਕਰ ਸਕਦੀ ਹੈ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਹਾਨਗਰ ’ਚ ਸਾਰੇ ਸਾਬਕਾ ਵਿਧਾਇਕਾਂ ਦੇ ਨਾਲ ਵੱਖ-ਵੱਖ ਬੈਠਕਾਂ ਕਰ ਕੇ ਉਮੀਦਵਾਰਾਂ ਸਬੰਧੀ ਉਨ੍ਹਾਂ ਦੀ ਨਬਜ਼ ਟਟੋਲੀ ਸੀ। ਬਾਕੀ, ਹੁਣ ਲੁਧਿਆਣਾ ਸੀਟ ਦੇ ਐਲਾਨ ਵਿਚ ਇਕ-ਅੱਧਾ ਦਿਨ ਹੀ ਬਾਕੀ ਹੈ। ਹਾਈਕਮਾਨ ਕਿਸ ’ਤੇ ਆਪਣਾ ਭਰੋਸਾ ਜਤਾਉਂਦੀ ਹੈ, ਇਹ ਤਸਵੀਰ ਤਾਂ ਹੁਣ ਐਲਾਨ ਹੋਣ ਤੋਂ ਬਾਅਦ ਹੀ ਸਾਫ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8