ਇੰਸ਼ੋਰੈਂਸ ’ਚ ਮੋਟਾ ਮੁਨਾਫਾ ਦੇਣ ਦੇ ਨਾਂ ’ਤੇ 70 ਲੱਖ ਦੀ ਠੱਗੀ

09/23/2018 7:01:14 AM

ਚੰਡੀਗਡ਼੍ਹ, (ਸੁਸ਼ੀਲ)- ਇੰਸ਼ੋਰੈਂਸ ਕਰਵਾਉਣ ’ਤੇ ਮੋਟੇ ਮੁਨਾਫੇ ਦਾ ਲਾਲਚ ਦੇ ਕੇ ਜੈਪੁਰ ਦੀ ਇਕ ਕੰਪਨੀ ਨੇ ਸੈਕਟਰ-49 ਨਿਵਾਸੀ ਸੰਜੇ ਭਾਰਗਵ ਨਾਲ 70 ਲੱਖ ਦੀ ਠੱਗੀ ਕਰ ਲਈ। ਸੰਜੇ ਭਾਰਗਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਆਈ. ਆਰ. ਡੀ. ਏ., ਇਨਕਮ ਟੈਕਸ ਅਫਸਰ, ਆਰ. ਬੀ. ਆਈ. ਗਵਰਨਰ ਅਤੇ ਇੰਸ਼ੋਰੈਂਸ ਦੇ ਨਾਂ ’ਤੇ ਮੋਟੇ ਮੁਨਾਫੇ ਦਾ ਲਾਲਚ ਦੇ ਕੇ ਠੱਗੀ ਕੀਤੀ ਗਈ ਹੈ। ਸੈਕਟਰ-34 ਥਾਣਾ ਪੁਲਸ ਨੇ ਜੈਪੁਰ ਦੇ ਵੈਸ਼ਾਲੀ ਨਗਰ ਸਥਿਤ 226 ਕਰਾਊਨ ਸਕਵੇਅਰ ਪਲਾਜ਼ਾ, ਗਾਂਧੀ ਪਥ ’ਚ ਪ੍ਰੀਮਰੋ ਅਡਵੈਂਟ ਕੰਪਨੀ ਅਤੇ ਅਭਿਸ਼ੇਕ ਜੈਨ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।  
ਸੈਕਟਰ-49 ਸਥਿਤ ਐਡਵੋਕੇਟ ਸੋਸਾਇਟੀ ਨਿਵਾਸੀ ਸੰਜੇ ਭਾਰਗਵ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 15 ਅਕਤੂਬਰ 2014 ਨੂੰ ਵਿਕਾਸ ਗੁਪਤਾ ਨੇ  ਖੁਦ ਨੂੰ ਬਜਾਜ  ਅਲਾਇੰਸ ਦਾ ਕਰਮਚਾਰੀ ਦੱਸ ਕੇ ਫੋਨ ਕੀਤਾ ਸੀ।  ਉਸਨੇ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਦੀ ਕੰਪਨੀ ਤੋਂ ਬੀਮਾ ਕਰਵਾਉਂਦੇ ਹੋ ਤਾਂ 10 ਲੱਖ ਰੁਪਏ ਦਾ ਲੋਨ ਜ਼ੀਰੋ ਫ਼ੀਸਦੀ ਵਿਆਜ ’ਤੇ ਮਿਲ ਜਾਵੇਗਾ। ਵਿਕਾਸ ਗੁਪਤਾ ਨੇ 52734 ਰੁਪਏ ਦੀ ਬਜਾਜ  ਅਲਾਇੰਸ ਦੇ  ਨਾਂ ’ਤੇ ਇੰਸ਼ੋਰੈਂਸ ਪਾਲਿਸੀ ਜਾਰੀ ਕਰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਤਨੀ ਦੇ ਨਾਂ ’ਤੇ ਮਨੀਮਾਜਰਾ ਦੀ ਬ੍ਰਾਂਚ ਵਿਚ ਪਾਲਿਸੀ ਕਰਵਾ ਦਿੱਤੀ, ਜਿਸਦੀ ਰਾਸ਼ੀ 49 ਲੱਖ 49 ਹਜ਼ਾਰ 669 ਰੁਪਏ ਸੀ।
 ਇਸ ਤੋਂ ਬਾਅਦ ਵਿਕਾਸ ਗੁਪਤਾ ਨੇ ਲੋਨ ਪਾਸ ਕਰਵਾਉਣ ਲਈ ਉਨ੍ਹਾਂ ਨੂੰ 50 ਹਜ਼ਾਰ ਰੁਪਏ ਅਕਾਊਂਟ ਵਿਚ ਜਮ੍ਹਾ ਕਰਵਾਉਣ ਲਈ ਕਿਹਾ। ਉਨ੍ਹਾਂ  ਰੁਪਏ ਦੱਸੇ ਗਏ ਅਕਾਊਂਟ ਵਿਚ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਵਿਕਾਸ ਗੁਪਤਾ ਨੇ ਉਨ੍ਹਾਂ ਨੂੰ ਇੰਸ਼ੋਰੈਂਸ ’ਚ ਮੋਟਾ ਮੁਨਾਫਾ ਦਿਵਾਉਣ ਲਈ ਵੱਖ-ਵੱਖ ਬੈਂਕਾਂ ’ਚ 16 ਲੱਖ ਰੁਪਏ ਜਮ੍ਹਾ ਕਰਵਾਏ।  ਇਸ ਤੋਂ ਬਾਅਦ ਨਮਨ ਦਾ ਫ਼ੋਨ ਉਨ੍ਹਾਂ  ਨੂੰ ਆਇਆ। ਉਸ ਨੇ ਕਿਹਾ ਕਿ ਤੁਹਾਡੇ ਵਲੋਂ ਜਮ੍ਹਾ ਕਰਵਾਏ ਸਾਰੇ ਰੁਪਏ ਉਨ੍ਹਾਂ ਕੋਲ ਸੁਰੱਖਿਅਤ ਹਨ। 
ਉਨ੍ਹਾਂ  ਨੂੰ ਇੰਸ਼ੋਰੈਂਸ ਕੰਪਨੀ ਦੀ ਰੁਚੀ ਵਰਮਾ, ਵਰੁਣ ਜੋਸ਼ੀ, ਰਾਹੁਲ ਅਗਰਵਾਲ, ਸ਼ਵੇਤਾ ਸ਼ਰਮਾ, ਅਸ਼ੋਕ ਅਰੋਡ਼ਾ, ਆਦਰਸ਼ ਅਗਰਵਾਲ ਤੇ ਹੋਰ ਲੋਕਾਂ ਦਾ ਇੰਸ਼ੋਰੈਂਸ ਸਬੰਧੀ ਫੋਨ ਆਇਆ। ਉਨ੍ਹਾਂ  ਦੇ ਕਹਿਣ ’ਤੇ ਉਨ੍ਹਾਂ ਵੱਖ-ਵੱਖ ਖਾਤਿਆਂ ’ਚ 70 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਠੱਗੀ ਦਾ ਅਹਿਸਾਸ ਹੋਇਆ, ਜਿਸ ਮਗਰੋਂ ਉਨ੍ਹਾਂ  ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
 


Related News