ਸ਼ੇਅਰ ਮਾਰਕੀਟ ਵਿਚ ਪੈਸੇ ਲਾ ਕੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 48 ਲੱਖ 70 ਹਜ਼ਾਰ ਠੱਗੇ
Friday, Dec 12, 2025 - 05:36 PM (IST)
ਮੋਗਾ (ਆਜ਼ਾਦ) : ਥਾਣਾ ਸਾਈਬਰ ਕਰਾਈਮ ਮੋਗਾ ਵਲੋਂ ਸ਼ੇਅਰ ਮਾਰਕੀਟ ਵਿਚ ਪੈਸੇ ਲਾ ਕੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 48 ਲੱਖ 70 ਹਜ਼ਾਰ ਰੁਪਏ ਠੱਗਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਵਨ ਕੁਮਾਰ ਨਿਵਾਸੀ ਆਦਰਸ਼ ਨਗਰ ਧਰਮਕੋਟ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਵਿਚੋਂ ਬਤੌਰ ਅਧਿਆਪਕ ਰਿਟਾ. ਹੋਇਆ ਹੈ। ਉਸਦੀ ਸੋਸ਼ਲ ਮੀਡੀਆ ਰਾਹੀਂ ਕਿਸੇ ਅਣਜਾਨ ਵਿਅਕਤੀ ਨਾਲ ਗੱਲਬਾਤ ਹੋਈ, ਜਿਸ ਨੇ ਮੈਨੂੰ ਦੱਸਿਆ ਕਿ ਮੈਂ ਸ਼ੇਅਰ ਮਾਰਕੀਟ ਵਿਚ ਪੈਸੇ ਇਨਵੈਸਟ ਕਰਦਾ ਹਾਂ, ਤੁਸੀਂ ਵੀ ਆਪਣ ਪੈਸੇ ਇਨਵੈਸਟਮੈਂਟ ਕਰਕੇ ਮੋਟੀ ਕਮਾਈ ਕਰ ਸਕਦੇ ਹੋ, ਜਿਸ ਨੇ ਮੈਂਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਯੂ. ਪੀ. ਸਟੋਕਸ ਦੇ ਨਾਂ ’ਤੇ ਮੇਰੇ ਕੋਲੋਂ ਯੂ. ਪੀ. ਆਰ. ਓ. ਨਾਮ ਦੀ ਐਪਲੀਕੇਸ਼ਨ ਡਾਊਨਲੋਡ ਕਰਵਾ ਲਈ ਅਤੇ ਫਿਰ ਉਸ ਨੇ 28 ਅਗਸਤ 2025 ਨੂੰ ਪਹਿਲੀ ਟਰਾਂਜੈਕਸ਼ਨ 1 ਲੱਖ ਰੁਪਏ ਆਪਣੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਵਿਚ ਗੂਗਲ ਪੇਅ ਰਾਹੀਂ ਬੰਧਨ ਬੈਂਕ ਦੇ ਖਾਤੇ ਵਿਚ ਪੁਆ ਲਏ।
ਇਸ ਤਰ੍ਹਾਂ ਕਥਿਤ ਮੁਲਜ਼ਮ ਬਹੁਤ ਸ਼ਾਤਰ ਸੀ ਅਤੇ ਮੇਰੇ ਕੋਲੋਂ ਵੱਖ-ਵੱਖ ਸਮੇਂ ਪੈਸੇ ਲੈਂਦਾ ਰਿਹਾ ਅਤੇ ਕਿਹਾ ਕਿ ਉਹ ਤੁਹਾਨੂੰ ਡਬਲ ਪੈਸੇ ਕਰ ਕੇ ਦੇਵੇਗਾ। ਮੇਰੇ ਕੋਲੋਂ ਉਸ ਨੇ 48 ਲੱਖ 70 ਹਜ਼ਾਰ ਰੁਪਏ ਪੁਆ ਲਏ ਪਰ ਕੋਈ ਪੈਸਾ ਵਾਪਸ ਨਾ ਆਇਆ, ਜਿਹੜੀ ਐਪ ਮੈਂਨੂੰ ਡਾਊਨਲੋਡ ਕਰਵਾਈ ਸੀ, ਉਸ ਵਿਚ ਮੇਰੀ ਰਾਸ਼ੀ ਡਬਲ ਦਿਖਾਈ ਦੇ ਰਹੀ ਸੀ ਪਰ ਰਾਸ਼ੀ ਨਿਕਲ ਨਹੀਂ ਰਹੀ ਸੀ, ਇਸ ਤਰ੍ਹਾਂ ਨਾਮਲੂਮ ਵਿਅਕਤੀ ਨੇ ਮੈਂਨੂੰ ਝਾਂਸੇ ਵਿਚ ਲੈਕੇ ਮੇਰੇ ਨਾਲ ਠੱਗੀ ਮਾਰੀ ਹੈ, ਮੈਂ ਕਈ ਵਾਰ ਉਸ ਨੂੰ ਮੋਬਾਈਲ ਫੋਨ ’ਤੇ ਸੰਪਰਕ ਕਰਨ ਦਾ ਯਤਨ ਕੀਤਾ, ਪਰ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਕਤ ਨਾਮਲੂਮ ਵਿਅਕਤੀਆਂ ਵਲੋਂ ਮੇਰੇ ਨਾਲ ਠੱਗੀ ਮਾਰ ਲਈ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਥਾਣਾ ਸਾਈਬਰ ਕਰਾਈਮ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਅਣਪਛਾਤੇ ਠੱਗ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਉਹ ਬੈਂਕ ਦੀਆਂ ਸਾਰੀਆਂ ਡਿਟੇਲਾਂ ਦੇਖ ਰਹੇ ਹਨ ਅਤੇ ਪਤਾ ਕਰ ਰਹੇ ਹਨ ਕਿ ਕਿਹੜੇ ਕਿਹੜੇ ਖਾਤੇ ਵਿਚ ਪੈਸੇ ਜਮ੍ਹਾਂ ਹੋਏ ਹਨ, ਜਲਦੀ ਹੀ ਕਥਿਤ ਮੁਲਜ਼ਮ ਦੇ ਅਤੇ ਉਸ ਦੇ ਸਾਥੀਆਂ ਕਾਬੂ ਆ ਜਾਣ ਦੀ ਸੰਭਾਵਨਾ ਹੈ।
