ਵਿਦੇਸ਼ ਭੇਜਣ ਦੇ ਨਾਂ ’ਤੇ ਦੋ ਇਮੀਗ੍ਰੇਸ਼ਨ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਠੱਗੀ ਦਾ ਪਰਚਾ

Tuesday, Dec 09, 2025 - 01:40 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਦੋ ਇਮੀਗ੍ਰੇਸ਼ਨ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਠੱਗੀ ਦਾ ਪਰਚਾ

ਮੋਹਾਲੀ (ਜੱਸੀ) : ਵਿਦੇਸ਼ ਭੇਜਣ ਦੇ ਨਾਂ 'ਤੇ ਜਾਅਲਸਾਜ਼ਾਂ ਦੇ ਹੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਦੀ ਅਗਵਾਈ ’ਚ ਪੁਲਸ ਨੇ ਫੇਜ਼-11 ’ਚ ਨਿਊਪਾਥ ਕੰਸਲਟੈਂਸੀ ਨਾਂ 'ਤੇ ਬਿਨਾਂ ਲਾਇਸੈਂਸ ਚੱਲ ਰਹੀ ਇਮੀਗ੍ਰੇਸ਼ਨ ਕੰਪਨੀ ’ਤੇ ਦਬਿਸ਼ ਦਿੱਤੀ। ਕੰਪਨੀ ਪ੍ਰਬੰਧਕ ਲਾਇਸੈਂਸ ਦਿਖਾਉਣ ’ਚ ਨਾਕਾਮ ਰਹੇ। ਪੁਲਸ ਨੇ ਕਾਰਵਾਈ ਕਰਦਿਆਂ ਦਫ਼ਤਰ ’ਚ ਬੈਠੇ ਮੁਲਾਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨੂੰ ਕਈ ਮੋਬਾਇਲ ਤੇ ਕਲਾਇੰਟਾਂ ਸਬੰਧੀ ਦਸਤਾਵੇਜ਼ ਬਰਾਮਦ ਕੀਤੇ, ਜੋ ਪੁਲਸ ਨੇ ਕਬਜ਼ੇ ’ਚ ਲੈ ਲਏ।
ਬਿਨਾਂ ਲਾਇਸੈਂਸ ਦਫ਼ਤਰ ਚਲਾ ਰਹੇ ਸਨ ਨਿਊਪਾਥ ਕੰਸਲਟੈਂਸੀ ਸੰਚਾਲਕ
ਐੱਸ. ਐੱਚ. ਓ. ਅਮਨਦੀਪ ਸਿੰਘ ਚੌਹਾਨ ਨੇ ਕਿਹਾ ਕਿ ਨਿਊਪਾਥ ਕੰਸਲਟੈਂਸੀ ਫੇਜ਼-11 ਦਫ਼ਤਰ ’ਚ ਚੈਕਿੰਗ ਕੀਤੀ ਤਾਂ ਉਹ ਲਾਇਸੈਂਸ ਨਹੀਂ ਦਿਖਾ ਸਕੇ। ਪੁਲਸ ਨੇ ਕੰਪਨੀ ਪ੍ਰਬੰਧਕਾਂ ਪ੍ਰੇਮ ਸਾਗਰ, ਰਵੀ, ਜੋਤੀ, ਨੀਤਿਨ ਤੇ ਮੋਹਿਤ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਨੇ ਮੋਹਿਤ ਅਤੇ ਨਿਤਿਨ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਜਦੋਂ ਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਕੈਨੇਡਾ ਦੇ ਵਰਕ ਵੀਜ਼ਾ ਦੇ ਨਾਂ ’ਤੇ 6 ਲੱਖ ਦੀ ਮਾਰੀ ਠੱਗੀ
ਦੂਜੇ ਮਾਮਲੇ ’ਚ ਥਾਣਾ ਐੱਨ. ਆਰ. ਈ. ਪੁਲਸ ਨੇ ਕੈਨੇਡਾ ਦਾ ਵੀਜ਼ਾ ਲਗਵਾਉਣ ਦੇ ਨਾਮ ’ਤੇ ਸੈਫਾਇਰ ਗਰੁੱਪ ਟ੍ਰੈਵਲ ਏਜੰਸੀ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪੁਲਸ ਸ਼ਿਕਾਇਤ ’ਚ ਅੰਬਾਲਾ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਹੋਰਨਾਂ ਨਾਲ ਮਿਲ ਕੇ ਕੰਪਨੀ ਪ੍ਰਬੰਧਕਾਂ ਨਾਲ ਕੈਨੇਡਾ ਜਾਣ ਦੀ ਗੱਲ ਕੀਤੀ ਸੀ। ਕੰਪਨੀ ਪ੍ਰਬੰਧਕਾਂ ਵੱਲੋਂ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ 10 ਲੱਖ ਰੁਪਏ ਮੰਗੇ ਸਨ। ਸੰਦੀਪ ਮੁਤਾਬਕ ਉਸ ਸਮੇਤ ਚਾਰ ਜਣਿਆਂ ਨੇ ਡੇਢ-ਡੇਢ ਲੱਖ (ਕੁੱਲ 6 ਲੱਖ) ਰੁਪਏ ਦਿੱਤੇ ਸਨ ਪਰ ਕੰਪਨੀ ਨੇ ਨਾ ਤਾਂ ਕੈਨੇਡਾ ਭੇਜਿਆ ਤੇ ਨਾ ਉਨ੍ਹਾਂ ਦੇ ਪੈਸੇ ਮੋੜੇ।
 


author

Babita

Content Editor

Related News