ਚਿਕਨ ਕਾਰਨਰ ’ਤੇ ਛਾਪਾ, ਬਿਜਲੀ ਚੋਰੀ ਕਰਨ ’ਤੇ ਠੋਕਿਆ ਪੌਣੇ 9 ਲੱਖ ਰੁਪਏ ਦਾ ਜੁਰਮਾਨਾ
Thursday, Dec 04, 2025 - 04:19 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਇਨਫੋਰਸਮੈਂਟ ਟੀਮ ਵਲੋਂ ਡਿਪਟੀ ਚੀਫ ਇੰਜੀਨੀਅਰ ਰਮੇਸ਼ ਕੌਸ਼ਲ ਦੀ ਅਗਵਾਈ ’ਚ ਦੁੱਗਰੀ ਇਲਾਕੇ ਵਿਚ ਇੱਕ ਪ੍ਰਸਿੱਧ ਚਿਕਨ ਕਾਰਨਰ ਸਮੇਤ ਨਾਰਥ ਸਬ-ਡਵੀਜ਼ਨ ਤਹਿਤ ਪੈਂਦੇ ਜੱਸੀਆਂ ਇਲਾਕੇ ’ਚ 107 ਰਿਹਾਇਸ਼ੀ ਥਾਵਾਂ ’ਤੇ ਛਾਪੇਮਾਰੀ ਕਰਦੇ ਹੋਏ ਸਬੰਧਤ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਪੌਣੇ 9 ਲੱਖ ਰੁਪਏ ਦਾ ਭਾਰੀ ਜੁਰਮਾਨਾ ਠੋਕਿਆ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਕੀਤੀ ਗਈ ਇਸ ਛਾਪੇਮਾਰੀ ਨੂੰ ਇਨਫੋਰਸਮੈਂਟ ਟੀਮ ਦੇ ਐਕਸੀਅਨ ਦਿਲਜੀਤ ਸਿੰਘ ਅਤੇ ਐਕਸੀਅਨ ਅਮਨਦੀਪ ਸਿੰਘ ਵਲੋਂ ਲੀਡ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿਚ ਵਿਭਾਗੀ ਮੁਲਾਜ਼ਮਾਂ ਦੀ ਟੀਮ ਵਲੋਂ ਦੁੱਗਰੀ ਇਲਾਕੇ ’ਚ ਪੈਂਦੇ ਵੀਰ ਚਿਕਨ ਕਾਰਨਰ ਦੇ ਸੰਚਾਲਕਾਂ ਖਿਲਾਫ ਕਾਰਵਾਈ ਕਰਦੇ ਹੋਏ ਬਿਜਲੀ ਚੋਰੀ ਕਰਨ ਦੇ ਕਥਿਤ ਦੋਸ਼ਾਂ ਤਹਿਤ 8,50000 ਰੁ. ਦਾ ਜੁਰਮਾਨਾ ਠੋਕਣ ਸਬੰਧੀ ਦਾਅਵਾ ਕੀਤਾ ਗਿਆ ਹੈ।
ਜਦੋਂਕਿ ਦੂਜੇ ਮਾਮਲੇ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਉੱਤਰੀ ਸਬ-ਡਵੀਜ਼ਨ ਤਹਿਤ ਪੈਂਦੇ ਜਲੰਧਰ ਬਾਈਪਾਸ ਚੌਕ ਨੇੜੇ ਪੈਂਦੇ ਜੱਸੀਆਂ ਇਲਾਕੇ ’ਚ 107 ਥਾਵਾਂ ’ਤੇ ਲੱਗੇ ਬਿਜਲੀ ਦੇ ਮੀਟਰਾਂ ਦੀ ਚੈਕਿੰਗ ਕੀਤੀ ਗਈ ਹੈ, ਜਿਸ ਵਿਚ ਖਪਤਕਾਰਾਂ ਦੇ ਘਰਾਂ ਦੇ ਬਾਹਰ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਨੂੰ ਬਾਰੀਕੀ ਨਾਲ ਚੈੱਕ ਕੀਤਾ ਗਿਆ। ਇਸ ਦੌਰਾਨ ਬਿਜਲੀ ਚੋਰੀ ਕਰਨ ਦੇ ਇਕ ਮਾਮਲੇ ’ਚ ਇਨਫੋਰਸਮੈਂਟ ਟੀਮ ਵਲੋਂ ਖਪਤਕਾਰ ਦੇ ਖਿਲਾਫ ਕਾਰਵਾਈ ਕਰਦੇ ਹੋਏ 25000 ਰੁ. ਦਾ ਜੁਰਮਾਨਾ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇਨਫੋਰਸਮੈਂਟ ਵਿੰਗ ਦੇ ਐਕਸੀਅਨ ਦਿਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਉਨ੍ਹਾਂ ਦੀ ਟੀਮ ਵਲੋਂ ਬਿਜਲੀ ਚੋਰੀ ਕਰਨ ਦੇ ਮਾਮਲੇ ’ਚ ਖਪਤਕਾਰਾਂ ਖਿਲਾਫ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਖਿਲਾਫ ਬਿਜਲੀ ਚੋਰੀ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਨ ਸਮੇਤ ਸਬੰਧਤ ਖਪਤਕਾਰਾਂ ਨੂੰ ਜੁਰਮਾਨਾ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਦਿਲਜੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਚੋਰੀ, ਓਵਰਲੋਡ ਵਰਤਣ ਸਮੇਤ ਬਿਜਲੀ ਦੀ ਦੁਰਵਰਤੋਂ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਾਰਜ ਹੈ ਅਤੇ ਇਸ ਮਾਮਲੇ ’ਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਉਣ ਵਾਲੇ ਦਿਨਾਂ ’ਚ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼ਹਿਰ ਦੇ ਵੱਖ-ਵੱਖ ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਇਲਕਿਆਂ ’ਚ ਵਸੇ ਬਿਜਲੀ ਖਪਤਕਾਰਾਂ ਵਲੋਂ ਐਕਸੀਅਨ ਦਿਲਜੀਤ ਸਿੰਘ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜੰਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ਵਿਚ ਖਾਸ ਤੌਰ ’ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਅਗਰ ਨਗਰ ਡਵੀਜ਼ਨ ਤਹਿਤ ਪੈਂਦੇ ਇਲਾਕਿਆਂ ਦੇ ਲੋਕਾਂ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਵਾਰ-ਵਾਰ ਯਾਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੇਰ ਰਾਤ ਫਗਵਾੜਾ 'ਚ ਵੱਡੀ ਵਾਰਦਾਤ, ਮਾਮੂਲੀ ਬਹਿਸ ਮਗਰੋਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਲੋਕਾਂ ਦਾ ਮੰਨਣਾ ਹੈ ਕਿ ਅਗਰ ਨਗਰ ਡਵੀਜ਼ਨ ’ਚ ਰਹਿੰਦੇ ਹੋਏ ਐਕਸੀਅਨ ਦਿਲਜੀਤ ਸਿੰਘ ਵਲੋਂ ਬਿਜਲੀ ਸਬੰਧੀ ਕੀਤੇ ਗਏ ਵਿਕਾਸ ਕਾਰਜ ਲਾਜਵਾਬ ਹਨ, ਜਿਨ੍ਹਾਂ ਵਿਚ ਖਾਸ ਤੌਰ ’ਤੇ ਬਿਜਲੀ ਦੇ ਵੱਡੀ ਸਮਰੱਥਾ ਵਾਲੇ ਅਤਿਆਧੁਨਿਕ ਟ੍ਰਾਂਸਫਾਰਮਰ ਸਥਾਪਿਤ ਕਰਨ ਸਮੇਤ ਨਵੇਂ ਮੋਨੋਪੋਲ ਲਗਾਉਣ, ਬਿਜਲੀ ਦੀਆਂ ਤਾਰਾਂ ਦੇ ਕਈ ਕਿਲੋਮੀਟਰ ਜਾਲ ਵਿਛਾਉਣਾ ਮੁੱਖ ਤੌਰ ’ਤੇ ਸ਼ਾਮਲ ਹੈ, ਜਿਸ ਕਾਰਨ ਇਲਾਕੇ ਵਿਚ ਬਿਜਲੀ ਦੀ ਸਾਲਾਂ ਪੁਰਾਣੀ ਸਮੱਸਿਆ ਲਗਭਗ ਖਤਮ ਹੋ ਚੁੱਕੀ ਹੈ।
