ਵਿਦੇਸ਼ ਨਾ ਲਿਜਾਣ ਤੇ 10 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਪਤੀ, ਸੱਸ-ਸਹੁਰੇ ਵਿਰੁੱਧ ਕੇਸ ਦਰਜ
Tuesday, Dec 02, 2025 - 09:19 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਪੂਨਮ ਰਾਣੀ ਪਤਨੀ ਜਸਕੀਰਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਵਲੋਂ ਆਪਣਾ ਪਤੀ ਵਲੋਂ ਵਿਦੇਸ਼ ਨਾ ਲਿਜਾਣ ਅਤੇ ਸੱਸ ਰਣਜੀਤ ਕੌਰ ਅਤੇ ਸਹੁਰੇ ਜਤਿੰਦਰ ਪਾਲ ਸਿੰਘ ਵਲੋਂ ਘਰੋਂ ਕੱਢ ਦੇਣ ਅਤੇ 10 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਜ਼ੇਰੇ ਧਾਰਾ 420, 120-ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਪੀੜਤ ਨੂੰਹ ਪੂਨਮ ਰਾਣੀ ਨੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਸੀ ਕਿ ਮੇਰਾ ਵਿਆਹ ਜਸਕੀਰਤ ਸਿਘ ਪੁੱਤਰ ਜਤਿੰਦਰਪਾਲ ਸਿੰਘ ਵਾਸੀ ਪੁਰਾਣੀ ਮੰਡੀ ਮੁੱਲਾਂਪੁਰ ਨਾਲ 27 ਫਰਵਰੀ 2024 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਮੇਰੇ ਪਤੀ ਜਸਕੀਰਤ ਨੇ ਵਿਦੇਸ਼ ਜਾਣਾ ਸੀ, ਜਿਸ ਸਬੰਧੀ ਜਸਕੀਰਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਬਤੌਰ ਦਾਜ ਮੇਰੇ ਕੋਲੋਂ ਰਕਮ 10 ਲੱਖ ਰੁਪਏ ਨਕਦ ਲਏ।
ਇਹ ਵੀ ਪੜ੍ਹੋ : ਪੰਜਾਬ 'ਚ ਫ਼ਿਰ ਵੱਜਿਆ ਚੋਣ ਬਿਗੁਲ! ਕਾਂਗਰਸ ਨੇ ਐਲਾਨੇ ਉਮੀਦਵਾਰ
ਜਸਕੀਰਤ ਸਿੰਘ ਦਾ ਸਟੱਡੀ ਵੀਜ਼ਾ ਲੱਗਾ ਹੋਇਆ ਸੀ। ਇਸ ਨੇ ਪਹਿਲਾਂ ਮੈਨੂੰ ਆਪਣੇ ਨਾਲ ਲੈ ਕੇ ਜਾਣ ਦਾ ਵਾਅਦਾ ਕੀਤਾ ਅਤੇ ਬਾਅਦ ’ਚ ਬਹਾਨੇ ਮਾਰ ਕੇ ਕਹਿਣ ਲੱਗਾ ਕਿ ਉਹ ਵਿਦੇਸ਼ ਜਾ ਕੇ ਉਥੋਂ ਬੁਲਾਏਗਾ ਪਰ ਹੁਣ ਜਸਕੀਰਤ ਸਿਘ ਆਪਣੇ ਕੀਤੇ ਗਏ ਵਾਅਦੇ ਤੋਂ ਮੁੱਕਰ ਗਿਆ ਹੈ। ਵਿਦੇਸ਼ ਜਾ ਕੇ ਜਸਕੀਰਤ ਸਿੰਘ ਨੇ ਮੈਨੂੰ ਵ੍ਹਟਸਐਪ ਅਤੇ ਫੋਨ ’ਚ ਬਲਾਕ ਕਰ ਦਿੱਤਾ ਅਤੇ ਮੇਰੀ ਸੱਸ ਰਣਜੀਤ ਕੌਰ ਅਤੇ ਸਹੁਰੇ ਜਤਿੰਦਰਪਾਲ ਸਿੰਘ ਅਤੇ ਮੇਰੇ ਚਾਚਾ ਸਹੁਰੇ ਬਲਜੀਤ ਸਿਘ ਅਤੇ ਚਾਰੀ ਸੱਸ ਰਾਜਵੰਤ ਕੌਰ ਨੇ ਮੈਨੂੰ ਘਰੋਂ ਕੱਢ ਦਿੱਤਾ। ਜਸਕੀਰਤ ਸਿੰਘ ਅਤੇ ਉਸ ਦੇ ਪਰਿਵਾਰ ਨੇ ਮਿਲ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਹੁਣ ਮੇਰਾ ਸਹੁਰਾ ਪਰਿਵਾਰ ਮੇਰੇ ਨਾਲ ਜਾਤੀ ਪ੍ਰਤੀ ਗਾਲੀ-ਗਲੋਚ ਕਰਦੇ ਹਨ।
ਐੱਸ. ਐੱਚ. ਓ. ਚੀਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਏ. ਐੱਸ. ਆਈ. ਨਰਿੰਦਰ ਸ਼ਰਮਾ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
