ਲੁਧਿਆਣੇ ''ਚ 19 ਸਾਲਾ ਕੁੜੀ ਅਗਵਾ! ਭੈਣ ਨੂੰ ਦਿੱਤੀ ਧਮਕੀ, ਫ਼ਿਰੌਤੀ ਨਾ ਦੇਣ ''ਤੇ...

Thursday, Dec 11, 2025 - 01:58 PM (IST)

ਲੁਧਿਆਣੇ ''ਚ 19 ਸਾਲਾ ਕੁੜੀ ਅਗਵਾ! ਭੈਣ ਨੂੰ ਦਿੱਤੀ ਧਮਕੀ, ਫ਼ਿਰੌਤੀ ਨਾ ਦੇਣ ''ਤੇ...

ਲੁਧਿਆਣਾ (ਗੌਤਮ)- ਲੁਧਿਆਣਾ ਤੋਂ ਬਠਿੰਡਾ ਜਾ ਰਹੀ ਇਕ ਲੜਕੀ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਲੜਕੀ ਲੁਧਿਆਣਾ ਤੋਂ ਆਪਣੇ ਘਰ ਵਾਪਸ ਬਠਿੰਡਾ ਜਾ ਰਹੀ ਸੀ। ਲੜਕੀ ਨੂੰ ਅਗਵਾ ਕਰਨ ਵਾਲਿਆਂ ਨੇ ਉਸ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਅਤੇ ਨਾ ਦੇਣ ਬਦਲੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਪਤਾ ਲੱਗਣ ’ਤੇ ਲੜਕੀ ਦੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਤੋਂ ਬਾਅਦ ਥਾਣਾ ਦੁੱਗਰੀ ਦੀ ਪੁਲਸ ਨੇ ਨਿਰਮਲ ਨਗਰ, ਦੁੱਗਰੀ ਦੀ ਰਹਿਣ ਵਾਲੀ ਲੜਕੀ ਦੀ ਭੈਣ ਰਵਿੰਦਰ ਕੌਰ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ।

ਪੁਲਸ ਨੂੰ ਦਿੱਤੇ ਬਿਆਨ ’ਚ ਲੜਕੀ ਦੀ ਭੈਣ ਨੇ ਦੱਸਿਆ ਕਿ ਉਸ ਦੀ 19 ਸਾਲ ਦੀ ਭੈਣ ਰੁਪਿੰਦਰ ਕੌਰ ਨਿਰਮਲ ਨਗਰ ਵਿਚ ਕਿਸੇ ਦੇ ਘਰ ਕਿਚਨ ਦਾ ਕੰਮ ਕਰਦੀ ਸੀ। 12 ਨੰਬਰ ਨੂੰ ਰਾਤ ਕਰੀਬ 8 ਵਜੇ ਉਹ ਉਸ ਨੂੰ ਦੱਸ ਕੇ ਗਈ ਕਿ ਉਹ ਬਠਿੰਡਾ ਆਪਣੇ ਘਰ ਜਾ ਰਹੀ ਹੈ ਪਰ ਉਹ ਘਰ ਨਹੀਂ ਪੁੱਜੀ ਤਾਂ ਉਸ ਦੀ ਭਾਲ ਕੀਤੀ ਗਈ।

ਇਸ ਦੌਰਾਨ ਜਦੋਂ ਉਸ ਨੇ ਆਪਣੀ ਭੈਣ ਦੇ ਫੋਨ ’ਤੇ ਕਾਲ ਕੀਤੀ ਤਾਂ ਉਸ ਦਾ ਫੋਨ ਕਿਸੇ ਅਣਪਛਾਤੇ ਨੇ ਚੁੱਕਿਆ ਅਤੇ ਧਮਕਾਉਂਦੇ ਹੋਏ ਕਿਹਾ ਕਿ ਉਸ ਦੀ ਭੈਣ ਉਨ੍ਹਾਂ ਕੋਲ ਹੈ। ਜੇਕਰ ਉਸ ਨੂੰ ਛੁਡਵਾਉਣਾ ਹੈ ਤਾਂ 40 ਹਜ਼ਾਰ ਰੁਪਏ ਦੀ ਫਿਰੌਤੀ ਭੇਜ ਦਿਓ। ਜੇਕਰ ਮਨ੍ਹਾ ਕੀਤਾ ਤਾਂ ਇਸ ਦਾ ਗਲਤ ਨਤੀਜਾ ਭੁਗਤਣਾ ਪਵੇਗਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Anmol Tagra

Content Editor

Related News