ਨਿਵੇਸ਼ ਦੇ ਨਾਂ ’ਤੇ ਰਿਟਾਇਰਡ ਕਰਮਚਾਰੀ ਤੋਂ ਠੱਗੇ 89 ਲੱਖ
Friday, Dec 05, 2025 - 03:42 AM (IST)
ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਵਪਾਰ ਦੇ ਨਾਂ ’ਤੇ ਹਰਿਆਣਾ ਸਰਕਾਰ ਦੇ ਸੇਵਾਮੁਕਤ ਕਰਮਚਾਰੀ ਤੋਂ 89 ਲੱਖ 12 ਹਜ਼ਾਰ 435 ਰੁਪਏ ਠੱਗ ਲਏ। ਸੈਕਟਰ-27 ਨਿਵਾਸੀ ਰਾਜਨ ਅਰੋੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੋਬਾਈਲ ਨੰਬਰ ’ਤੇ ਨੈਕਸਸ ਫਿਊਚਰ ਮਾਰਕੀਟ ’ਚ ਨਿਵੇਸ਼ ਕਰਨ ਸੰਬੰਧੀ ਮੈਸਜ਼ ਆਇਆ ਸੀ। ਮੈਸਜ ’ਚ ਕਿਹਾ ਗਿਆ ਸੀ ਕਿ ਨਿਵੇਸ਼ ਕਰਨ ’ਤੇ ਕਾਫ਼ੀ ਮੁਨਾਫ਼ਾ ਹੋਵੇਗਾ। ਫਿਰ ਉਸ ਨੂੰ ਇਕ ਗਰੂੱਪ ’ਚ ਸ਼ਾਮਲ ਕੀਤਾ ਗਿਆ ਜਿਸ ’ਚ ਆਨਲਾਈਨ ਨਿਵੇਸ਼ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸ਼ੁਰੂ ’ਚ ਥੋੜ੍ਹੀ ਜਿਹੀ ਰਕਮ ਦਾ ਨਿਵੇਸ਼ ਕੀਤਾ ਤਾਂ ਮੁਨਾਫ਼ਾ ਦੇ ਦਿੱਤਾ। ਸ਼ਿਕਾਇਤਕਰਤਾ ਨੇ 9 ਅਗਸਤ ਤੋਂ 25 ਨਵੰਬਰ ਦੇ ਵਿਚਕਾਰ 89 ਲੱਖ 12 ਹਜ਼ਾਰ 435 ਦਾ ਨਿਵੇਸ਼ ਕੀਤਾ। ਜਦੋਂ ਉਨ੍ਹਾਂ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕੰਪਨੀ ਦੇ ਕਰਮਚਾਰੀਆਂ ਨੇ ਹੋਰ ਨਿਵੇਸ਼ ਕਰਨ ਲਈ ਕਿਹਾ। ਠੱਗੀ ਦਾ ਅਹਿਸਾਸ ਹੋਣ ’ਤੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸਾਈਬਰ ਸੈੱਲ ਨੇ ਜਾਂਚ ਕਰ ਠੱਗਾਂ ਵਿਰੁੱਧ ਮਾਮਲਾ ਦਰਜ ਕੀਤਾ।
