ਰਾਜ ਅਲੀਪੁਰ ਬਣੀ ਜ਼ਿਲਾ ਪ੍ਰੀਸ਼ਦ ਪਟਿਆਲਾ ਦੀ ਚੇਅਰਪਰਸਨ, ਸ਼ੁਤਰਾਣਾ ਉੱਪ-ਚੇਅਰਮੈਨ

10/05/2019 12:39:34 PM

ਪਟਿਆਲਾ (ਰਾਜੇਸ਼, ਜੋਸਨ)—ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਅੱਜ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਉੱਪ-ਚੇਅਰਮੈਨ ਦੀ ਚੋਣ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਰਾਜ ਕੌਰ ਅਲੀਪੁਰ ਨੂੰ ਚੇਅਰਪਰਸਨ ਅਤੇ ਸਤਨਾਮ ਸਿੰਘ ਸ਼ੁਤਰਾਣਾ ਨੂੰ ਉੱਪ- ਚੇਅਰਮੈਨ ਚੁਣ ਲਿਆ। ਜ਼ਿਲਾ ਪ੍ਰੀਸ਼ਦ ਹਾਲ 'ਚ ਹੋਈ ਇਸ ਚੋਣ ਮੀਟਿੰਗ ਦੀ ਸਮੁੱਚੀ ਕਾਰਵਾਈ ਐੱਸ. ਡੀ. ਐੱਮ. ਪਟਿਆਲਾ ਰਵਿੰਦਰ ਸਿੰਘ ਅਰੋੜਾ ਨੇ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਨੇਪਰੇ ਚੜ੍ਹਾਈ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਉੱਪ-ਮੁੱਖ ਕਾਰਜਕਾਰੀ ਰੂਪ ਸਿੰਘ ਵੀ ਮੌਜੂਦ ਸਨ।

ਚੋਣ ਮੀਟਿੰਗ ਦੌਰਾਨ ਪੰਚਾਇਤ ਸੰਮਤੀ ਘਨੌਰ ਦੀ ਚੇਅਰਪਰਸਨ ਗਗਨਦੀਪ ਕੌਰ ਨੇ ਮਸੀਂਗਨ ਜ਼ੋਨ ਤੋਂ ਮੈਂਬਰ ਰਾਜ ਕੌਰ ਅਲੀਪੁਰ ਦਾ ਨਾਂ ਚੇਅਰਪਰਸਨ ਦੇ ਅਹੁਦੇ ਲਈ ਤਜਵੀਜ਼ ਕੀਤਾ, ਜਿਸ ਦੀ ਤਾਈਦ ਭੁਪਿੰਦਰ ਕੌਰ ਸੇਹਰਾ ਨੇ ਕੀਤੀ। ਪੰਚਾਇਤ ਸੰਮਤੀ ਰਾਜਪੁਰਾ ਦੇ ਚੇਅਰਮੈਨ ਸਰਬਜੀਤ ਸਿੰਘ ਨੇ ਉੱਪ-ਚੇਅਰਮੈਨ ਲਈ ਅਰਨੇਟੂ ਜ਼ੋਨ ਤੋਂ ਮੈਂਬਰ ਸਤਨਾਮ ਸਿੰਘ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਦੀ ਤਾਈਦ ਜ਼ੋਨ ਧਨੇਠਾ ਤੋਂ ਮੈਂਬਰ ਜੈ ਪ੍ਰਤਾਪ ਸਿੰਘ ਨੇ ਕੀਤੀ। ਇਸ ਤਰ੍ਹਾਂ ਦੋਵਾਂ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਅਤੇ ਉੱਪ-ਚੇਅਰਮੈਨ ਚੁਣ ਲਿਆ ਗਿਆ।ਚੋਣ ਤੋਂ ਬਾਅਦ ਰਾਜ ਕੌਰ ਅਲੀਪੁਰ ਅਤੇ ਸਤਨਾਮ ਸਿੰਘ ਸ਼ੁਤਰਾਣਾ ਨੇ ਅੱਜ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ, ਕਾਂਗਰਸ ਦੇ ਦਿਹਾਤੀ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ ਸਮੇਤ ਜ਼ਿਲਾ ਪ੍ਰੀਸ਼ਦ ਦੇ ਮੈਂਬਰ, ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।

ਅਹੁਦੇ ਸੰਭਾਲਣ ਤੋਂ ਬਾਅਦ ਰਾਜ ਕੌਰ ਅਲੀਪੁਰ ਅਤੇ ਸਤਨਾਮ ਸਿੰਘ ਸ਼ੁਤਰਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਸਮੇਤ ਸਮੁੱਚੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮੁੱਚੇ ਵਿਕਾਸ ਕਾਰਜ ਤਰਜੀਹ ਮੁਤਾਬਕ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ। ਰਾਜ ਅਲੀਪੁਰ ਅਤੇ ਸ਼ੁਤਰਾਣਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਅਤੇ ਮਗਨਰੇਗਾ ਸਮੇਤ ਹੋਰ ਲੋਕ ਭਲਾਈ ਦੀਆਂ ਸਕੀਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਵਾਇਆ ਜਾਵੇਗਾ ਤਾਂ ਕਿ ਜ਼ਿਲੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਸਮੇਂ ਸਿਰ ਦਿਵਾਏ ਜਾ ਸਕਣ।


Shyna

Content Editor

Related News