ਰਾਜਾ ਵੜਿੰਗ ਨੇ ਪਟਿਆਲਾ ਸੀਟ 'ਤੇ ਜਿੱਤ ਦਾ ਕੀਤਾ ਦਾਅਵਾ, ਰਵਨੀਤ ਬਿੱਟੂ ਬਾਰੇ ਵੀ ਕਹੀ ਵੱਡੀ ਗੱਲ

04/26/2024 1:21:02 AM

ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ) - ਪਟਿਆਲਾ ਵਿਖੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਲੋਕ ਸਭਾ ਪਟਿਆਲਾ ਅਧੀਨ ਪੈਂਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ, ਯੂਥ ਕਾਂਗਰਸ, ਮਹਿਲਾ ਕਾਂਗਰਸ, ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਸਮੁੱਚੀਆਂ ਵਿਧਾਨ ਸਭਾ ਕਮੇਟੀਆਂ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਡਾ: ਧਰਮਵੀਰ ਗਾਂਧੀ ਦੇ ਹੱਕ ਵਿੱਚ ਇਕਜੁੱਟਤਾ ਦਾ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਯੂਰਪੀਅਨ ਯੂਨੀਅਨ ਦਾ ਵੱਡਾ ਖੁਲਾਸਾ, 527 ਭਾਰਤੀ ਭੋਜਨ ਉਤਪਾਦਾਂ 'ਚ ਮਿਲੇ ਕੈਂਸਰ ਪੈਦਾ ਕਰਨ ਵਾਲੇ ਰਸਾਇਣ

ਇਸ ਪ੍ਰੈੱਸ ਕਾਨਫ਼ਰੰਸ ਮਗਰੋਂ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਉਨ੍ਹਾਂ ਸਾਰੀਆਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਹੈ ਜਿਸ ਵਿੱਚ ਕਈ ਕਾਂਗਰਸ ਆਗੂਆਂ ਦੇ ਡਾਕਟਰ ਧਰਮਵੀਰ ਗਾਂਧੀ ਦੀ ਉਮੀਦਵਾਰੀ ਨਾਲ਼ ਮਤਭੇਦ ਨਜ਼ਰ ਆ ਰਹੇ ਸਨ। ਇਸ ਐਲਾਨ ਮਗਰੋਂ ਹਲ਼ਕੇ 'ਚੋਂ ਕਾਂਗਰਸ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਜਿਸਨੇ ਕਾਂਗਰਸ ਉਮੀਦਵਾਰ ਦੀ ਸਥਿਤੀ ਨੂੰ ਬਹੁਤ ਮਜ਼ਬੂਤ ਬਣਾ ਦਿੱਤਾ ਹੈ। 

ਇਸ ਮੌਕੇ ਸੰਬੋਧਨ ਕਰਦਿਆਂ ਰਾਜਾ ਵੜਿੰਗ, ਡਾਕਟਰ ਧਰਮਵੀਰ ਗਾਂਧੀ ਸਮੇਤ ਸਮੁੱਚੀ ਲੀਡਰਸ਼ਿਪ ਨੇ ਕਿਹਾ ਕਿ ਇਹ ਲੜਾਈ ਬਹੁਤ ਵੱਡੀ ਹੈ, ਇਸ ਚੋਂ ਛੋਟੇਮੋਟੇ ਮਤਭੇਦ ਕੋਈ ਮਾਇਨੇ ਨਹੀਂ ਰੱਖਦੇ। ਇਸ ਲਈ ਕਾਂਗਰਸ ਪਾਰਟੀ ਮਹਿਸੂਸ ਕਰਦੀ ਹੈ ਕਿ ਡਾ: ਗਾਂਧੀ ਨੂੰ ਜਿਤਾ ਕੇ ਭਾਰਤੀ ਸੰਸਦ ਚੋਂ ਭੇਜਣ ਲਈ ਹਰ ਆਗੂ ਅਤੇ ਵਰਕਰ ਨੂੰ ਦ੍ਰਿੜ੍ਹਤਾ ਨਾਲ਼ ਕੰਮ ਕਰਨਾ ਚਾਹੀਦਾ ਹੈ ਅਤੇ ਅਸੀਂ ਆਉਂਦੇ ਦਿਨਾਂ 'ਚੋਂ ਦਿਨਰਾਤ ਇੱਕ ਕਰਕੇ ਡਾ: ਗਾਂਧੀ ਨੂੰ ਨੌਂ ਦੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਲੀਡ ਦਵਾ ਕੇ ਵੱਡੇ ਫ਼ਰਕ ਨਾਲ਼ ਜਿਤਾ ਕੇ ਭੇਜਾਂਗੇ।

ਇਸ ਦੌਰਾਨ ਰਾਜਾ ਵੜਿੰਗ ਨੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਬਾਰੇ ਬੋਲਦਿਆਂ ਕਿਹਾ, 'ਮੇਰੇ ਕੋਲੋਂ ਲਿਖਾ ਕੇ ਲੈ ਲਓ, ਮੇਰਾ ਜਿਹੜਾ ਰਾਜਨਤੀਕ ਤਜਰਬਾ ਹੈ ਉਹ ਕਹਿੰਦਾ ਹੈ ਕਿ ਰਵਨੀਤ ਬਿੱਟੂ ਇਸ ਵਾਰ ਜ਼ਰੂਰ ਹਾਰਨਗੇ।' ਡਾਕਟਰ ਗਾਂਧੀ ਨੇ ਕਿਹਾ ਕਿ ਜਿਸਦੇ ਦਿਲ 'ਚੋਂ ਜਮਹੂਰੀਅਤ, ਧਰਮ ਨਿਰਪੱਖਤਾ, ਨਿਆਂ, ਇਨਸਾਫ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਧੜਕਦੀਆਂ ਹਨ, ਉਸ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ-ਮਜ਼ਦੂਰ, ਲੋਕ ਅਤੇ ਦੇਸ਼ ਵਿਰੋਧੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਕੰਮ ਕਰੇ। 

ਇਹ ਵੀ ਪੜ੍ਹੋ- ਕਾਂਗਰਸ ਨੇ ਹਰਿਆਣਾ ਤੋਂ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਦਿੱਤੀ ਟਿਕਟ

ਬ੍ਰਹਮ ਮਹਿੰਦਰਾ ਦੇ ਸਾਹਮਣੇ ਰਾਜਾ ਵੜਿੰਗ ਨੂੰ ਦੱਸਿਆ ਗਿਆ ਕਿ ਪਟਿਆਲਾ ਦਿਹਾਤੀ ਹਲਕਾ ਦੇ ਕਈ ਸਰਪੰਚਾਂ ਨੇ ਮਤਾ ਪਾਇਆ ਹੈ ਕਿ ਉਨ੍ਹਾਂ ਦੇ ਹਲਕਾ ਇੰਚਾਰਜ (ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ) ਨੂੰ ਉਨ੍ਹਾਂ ਦੇ ਹਲਕਾ ਇੰਚਾਰਜ ਦੇ ਅਹੁਦੇ ਤੋਂ ਬਦਲ ਦਿੱਤਾ ਜਾਵੇ। ਜਿਸ 'ਤੇ ਰਾਜਾ ਵੜਿੰਗ ਨੇ ਕਿਹਾ, ਮੋਹਿਤ ਮਹਿੰਦਰਾ ਸਾਡਾ ਪੰਜਾਬ ਕਾਂਗਰਸ ਦਾ ਯੂਥ ਲੀਡਰ ਹੈ। ਜਿਸ ਕਿਸੇ ਨੇ ਵੀ ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਬੇਸ਼ਕ ਉਹ ਮੌਜੂਦਾ ਐਮ.ਸੀ. ਹੋਣ, ਜੋ ਵੀ ਗੱਲ ਹੈ ਜੇਕਰ ਕੋਈ ਨਾਰਾਜ਼ਗੀ ਹੈ ਤਾਂ ਉਹ ਪਾਰਟੀ ਨਾਲ ਆ ਕੇ ਗੱਲ ਕਰਨ। 

ਇਸ ਪ੍ਰੈੱਸ ਕਾਨਫ਼ਰੰਸ 'ਚੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਉਮੀਦਵਾਰ ਡਾ: ਧਰਮਵੀਰ ਗਾਂਧੀ, ਸਾਬਕਾ ਪ੍ਰਧਾਨ ਲਾਲ ਸਿੰਘ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਮੋਹਿਤ ਮਹਿੰਦਰਾ, ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਸਮੇਤ ਲੋਕ ਸਭਾ ਹਲਕਾ ਪਟਿਆਲਾ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਮੌਜੂਦ ਰਹੀ। ਇਸ ਮਗਰੋਂ ਛੋਟੀ ਬਾਰਾਂਦਰੀ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਪਰੋਕਤ ਸਭਨਾਂ ਆਗੂਆਂ ਨੂੰ ਨਾਲ਼ ਲੈਕੇ ਡਾਕਟਰ ਧਰਮਵੀਰ ਗਾਂਧੀ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਸ ਮੌਕੇ ਸੈਂਕੜੇ ਕਾਂਗਰਸ ਵਰਕਰ ਮੌਜੂਦ ਰਹੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News