ਅਕਾਲੀ ਦਲ ਨੂੰ ਹਲਕਾ ਸ਼ੁਤਰਾਣਾ ’ਚ ਝਟਕਾ
Monday, Apr 08, 2024 - 06:24 PM (IST)

ਪਾਤੜਾਂ (ਮਾਨ) : ਹਲਕਾ ਸ਼ੁਤਰਾਣਾ ਵਿਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਹਲਕੇ ਵਿਚ ਆਉਣ ਤੋਂ ਚਾਰ ਦਿਨ ਪਹਿਲਾਂ ਹੀ ਸਾਬਕਾ ਸਰਪੰਚ ਹਰਦੀਪ ਸਿੰਘ, ਸਾਬਕਾ ਸਰਪੰਚ ਕਾਰਜ ਸਿੰਘ, ਸਾਬਕਾ ਸਰਪੰਚ ਗੋਬਿੰਦਪੁਰਾ ਪੈਂਦ ਤੇ ਕਰਨੈਲ ਸਿੰਘ ਦਰਜਨਾਂ ਸਾਥੀਆਂ ਸਮੇਤ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ 'ਆਪ' ਵਿਚ ਸ਼ਾਮਲ ਹੋਏ ਗਏ। ਉਨ੍ਹਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ 'ਆਪ' ਵਿਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਭਰਵਾਂ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ ਸੱਤਰ ਸਾਲ ਹੋ ਗਏ ਹਨ ਪਰ ਕਿਸੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਮੀਨਾਂ ਲਈ ਨਹਿਰੀ ਪਾਣੀਆਂ ਦਾ ਪ੍ਰਬੰਧ ਨਹੀਂ ਕੀਤਾ, ਸਿਰਫ ਮੁੱਖ ਮੰਤਰੀ ਦੀ ਕੁਰਸੀ ’ਤੇ ਮੌਜਾਂ ਕਰਦੇ ਰਹੇ, ਕਿਸੇ ਨੇ ਨਹੀਂ ਸੋਚਿਆ ਕਿ ਕਿਸਾਨਾਂ ਨੂੰ ਪਾਣੀ ਦੀ ਕਿੰਨੀ ਜ਼ਰੂਰਤ ਹੁੰਦੀ ਹੈ।
ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਨੇ 'ਆਪ' ਵਿਚ ਸ਼ਮੂਲੀਅਤ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਕਿਸਾਨ ਵਿਰੋਧੀ ਨਹੀਂ ਬਲਕਿ ਦੇਸ਼ ਵਿਰੋਧੀ ਵੀ ਹੈ ਜੋ ਪੰਜਾਬ ਸਰਕਾਰ ਦਾ ਤਕਰੀਬਨ ਅੱਠ ਸੌ ਕਰੋੜ ਰੁਪਏ ਦੱਬੀ ਬੈਠੀ ਹੈ। ਸਮੁੱਚੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਬਚਣਾ ਚਾਹੀਦਾ ਹੈ। ਅਕਾਲੀ ਦਲ ਨੇ ਜਦੋਂ ਵੋਟਾਂ ਆਈਆਂ ਤਾਂ ਕੇਵਲ ਪੰਥ ਖਤਰੇ ਵਿਚ ਦੱਸਿਆ ਜਦੋਂ ਕਿ ਖੁੱਦ ਲਈ ਸੁੱਖ ਵਿਲਾਸ ਵਰਗੇ ਅਰਬਾਂ ਖਰਬਾਂ ਰੁਪਏ ਦੇ ਹੋਟਲ ਬਣਾ ਲਏ। ਉਨ੍ਹਾਂ ਨੇ ਹਮੇਸ਼ਾ ਹੀ ਪੰਥ ਨਾਲ ਗੱਦਾਰੀ ਕੀਤੀ ਹੈ। ਇਸ ਮੌਕੇ ਬਲਾਕ ਪ੍ਰਧਾਨ ਸੋਨੀ ਜਲੂਰ, ਕਰਨੈਲ ਸਿੰਘ ਦੁਤਾ, ਈਸ਼ਵਰ ਸਿੰਘ ਰਾਣਾ, ਜੈਲੀ ਹਮਝੇੜੀ, ਬੂਟਾ ਸਿੰਘ ਲਾਲਕਾ, ਬੂਟਾ ਸਿੰਘ ਸ਼ੁਤਰਾਣਾ, ਕੁਲਦੀਪ ਸਿੰਘ ਥਿੰਦ ਤੇ ਲਾਭ ਸਿੰਘ ਡਰੋਲੀ ਆਦਿ ਹਾਜ਼ਰ ਸਨ।