ਸਾਬਕਾ PM ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਖ਼ਤਮ, 33 ਸਾਲ ਬਾਅਦ ਹੋਏ ਸੇਵਾਮੁਕਤ

04/03/2024 12:18:16 PM

ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ 9 ਕੇਂਦਰੀ ਮੰਤਰੀਆਂ ਸਮੇਤ ਰਾਜ ਸਭਾ ਦੇ ਘੱਟੋ-ਘੱਟ 54 ਮੈਂਬਰਾਂ ਦਾ ਕਾਰਜਕਾਲ ਬੁੱਧਵਾਰ ਨੂੰ ਖਤਮ ਹੋ ਰਿਹਾ ਹੈ। ਇਨ੍ਹਾਂ 'ਚੋਂ ਕੁਝ ਰਾਜ ਸਭਾ 'ਚ ਵਾਪਸ ਨਹੀਂ ਆਉਣਗੇ। ਸਾਬਕਾ ਪ੍ਰਧਾਨ ਮੰਤਰੀ ਸਿੰਘ ਦੀ 33 ਸਾਲ ਦੀ ਸੰਸਦੀ ਪਾਰੀ ਬੁੱਧਵਾਰ ਨੂੰ ਖਤਮ ਹੋਵੇਗੀ। ਇਹ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ 'ਚ ਪਹੁੰਚ ਰਹੀ ਹੈ। ਆਰਥਿਕ ਸੁਧਾਰਾਂ ਦੇ ਆਰਕੀਟੈਕਟ ਮੰਨੇ ਜਾਂਦੇ 91 ਸਾਲਾ ਸਿੰਘ ਅਕਤੂਬਰ 1991 ਵਿਚ ਪਹਿਲੀ ਵਾਰ ਰਾਜ ਸਭਾ ਦੇ ਮੈਂਬਰ ਬਣੇ।

ਮਨਮੋਹਨ ਸਿੰਘ 1991 ਤੋਂ 1996 ਤੱਕ ਨਰਸਿਮਹਾ ਰਾਓ ਸਰਕਾਰ ਵਿਚ ਵਿੱਤ ਮੰਤਰੀ ਰਹੇ, ਇਸ ਦੌਰਾਨ ਉਨ੍ਹਾਂ ਨੇ ਭਾਰਤ ਦੀ ਅਰਥਵਿਵਸਥਾ ਵਿਚ ਕਈ ਸੁਧਾਰਾਂ ਦੀ ਸ਼ੁਰੂਆਤ ਕੀਤੀ।  2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।  ਡਾ. ਮਨਮੋਹਨ ਸਿੰਘ ਦੀ ਇਸ ਸੀਟ 'ਤੇ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਰਾਜ ਸਭਾ ਵਿਚ ਐਂਟਰੀ ਮਿਲੇਗੀ। ਦੱਸ ਦੇਈਏ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਸਿਹਤ ਮੰਤਰੀ ਮਨਸੁਖ ਮਾਂਡਵੀਆ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਪਰਸ਼ੋਤਮ ਰੁਪਾਲਾ, ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ, ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਨਰਾਇਣ ਰਾਣੇ ਅਤੇ ਸੂਚਨਾ ਅਤੇ ਪ੍ਰਸਾਰਣ ਲਈ ਐੱਲ. ਮੁਰੂਗਨ ਦਾ ਰਾਜ ਸਭਾ ਕਾਰਜਕਾਲ ਮੰਗਲਵਾਰ ਨੂੰ ਪੂਰਾ ਹੋ ਗਿਆ।

ਇਸ ਦੇ ਨਾਲ ਹੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਾਰਜਕਾਲ ਬੁੱਧਵਾਰ ਨੂੰ ਖਤਮ ਹੋ ਜਾਵੇਗਾ। ਰੇਲ ਮੰਤਰੀ ਅਤੇ ਐਲ. ਮੁਰੂਗਨ ਨੂੰ ਛੱਡ ਕੇ ਇਹ ਸਾਰੇ ਕੇਂਦਰੀ ਮੰਤਰੀ ਲੋਕ ਸਭਾ ਚੋਣਾਂ ਲੜ ਰਹੇ ਹਨ। ਇਸ ਤੋਂ ਇਲਾਵਾ ਸੇਵਾਮੁਕਤ ਹੋਣ ਵਾਲੇ ਹੋਰ ਨੇਤਾਵਾਂ ਵਿਚ ਭਾਜਪਾ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਅਤੇ ਛੱਤੀਸਗੜ੍ਹ ਤੋਂ ਸਰੋਜ ਪਾਂਡੇ ਵੀ ਸ਼ਾਮਲ ਹਨ। ਅਨਿਲ ਬਲੂਨੀ ਉੱਤਰਾਖੰਡ ਦੀ ਗੜ੍ਹਵਾਲ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਜਦਕਿ ਸਰੋਜ ਪਾਂਡੇ ਛੱਤੀਸਗੜ੍ਹ ਤੋਂ ਚੋਣ ਲੜ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਅਤੇ ਅਨਿਲ ਜੈਨ ਵੀ ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਮੁੜ ਰਾਜ ਸਭਾ ਨਹੀਂ ਭੇਜਿਆ।

ਰਾਜ ਸਭਾ ਤੋਂ ਸੇਵਾਮੁਕਤ ਹੋਣ ਵਾਲਿਆਂ ਵਿਚ ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਨੇ ਇਕ ਹੋਰ ਕਾਰਜਕਾਲ ਲਈ ਮੁੜ ਨਾਮਜ਼ਦ ਕੀਤਾ ਹੈ। ਅਜਿਹੇ ਹੀ ਮਨੋਜ ਕੁਮਾਰ ਝਾਅ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਬਿਹਾਰ ਤੋਂ ਰਾਜ ਸਭਾ ਲਈ ਇਕ ਹੋਰ ਕਾਰਜਕਾਲ ਲਈ ਮੁੜ ਨਾਮਜ਼ਦ ਕੀਤਾ ਹੈ।


Tanu

Content Editor

Related News