ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਣ ਕੂੜੇ ਦੀ ਮੰਡੀ ਬਣਿਆ ਧਰਮਕੋਟ

05/18/2021 2:11:36 AM

ਧਰਮਕੋਟ (ਸਤੀਸ਼)- ਨਗਰ ਕੌਂਸਲ ਧਰਮਕੋਟ ਵੱਲੋਂ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਜਿਥੇ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ ਅਤੇ ਸ਼ਹਿਰ ਦੀਆਂ ਅਨੇਕਾਂ ਥਾਵਾਂ ਨੂੰ ਸੁੰਦਰ ਰੂਪ ਦਿੱਤਾ ਗਿਆ ਹੈ ਅਤੇ ਉੱਥੇ ਹੀ ਸਥਾਨਕ ਸ਼ਹਿਰ ਵਿਚ ਬਾਬਾ ਅਟੱਲ ਦੀ ਜਗ੍ਹਾ ਕੋਲ ਜਿੱਥੇ ਹਰ ਸਮੇਂ ਕੂੜੇ ਦੇ ਵੱਡੇ ਪੱਧਰ ਤੇ ਢੇਰ ਲੱਗੇ ਰਹਿੰਦੇ ਸਨ, ਉਸ ਜਗ੍ਹਾ ਉਪਰ ਨਗਰ ਕੌਂਸਲ ਵੱਲੋਂ ਸੁਆਮੀ ਵਿਵੇਕਾਨੰਦ ਦਾ ਬੁੱਤ ਸਥਾਪਤ ਕੀਤਾ ਗਿਆ ਹੈ ਅਤੇ ਇਸ ਦਾ ਨਾਂ ਵੀ ਸੁਆਮੀ ਵਿਵੇਕਾਨੰਦ ਦੇ ਨਾਂ ’ਤੇ ਰੱਖਿਆ ਗਿਆ ਹੈ ਅਤੇ ਇਥੇ ਹੀ ਨਗਰ ਕੌਂਸਲ ਵੱਲੋਂ ਲੋਕਾਂ ਦੇ ਆਉਣ ਜਾਣ ਲਈ ਬੈਠਣ ਵਾਸਤੇ ਵਧੀਆ ਪੱਧਰ ਦੀਆਂ ਕੁਰਸੀਆਂ ਲਗਾਈਆਂ ਗਈਆਂ ਹਨ, ਪਰ ਇਸਦੇ ਬਾਵਜੂਦ ਵੀ ਲੋਕਾਂ ਨੂੰ ਕੋਈ ਕਦਰ ਨਹੀਂ। ਲੋਕ ਇਸ ਜਗ੍ਹਾ ’ਤੇ ਵੱਡੇ-ਵੱਡੇ ਕੂੜੇ ਦੇ ਢੇਰ ਲਗਾ ਰਹੇ ਹਨ ਅਤੇ ਇਸ ਜਗ੍ਹਾ ਦੀ ਦਿੱਖ ਨੂੰ ਵਿਗਾੜ ਰਹੇ ਹਨ।
ਦੂਜੇ ਪਾਸੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਜੋ ਪੰਜਾਬ ਪੱਧਰ ’ਤੇ ਚੱਲ ਰਹੀ ਹੜਤਾਲ ਕਾਰਣ ਵੀ ਧਰਮਕੋਟ ਕੂੜੇ ਦੀ ਮੰਡੀ ਬਣ ਚੁੱਕਾ ਹੈ ਅਤੇ ਸ਼ਹਿਰ ਵਿਚ ਥਾਂ-ਥਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹਨ। ਨਗਰ ਕੌਂਸਲ ਧਰਮਕੋਟ ਦੇ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਾਡੀ ਇਹ ਹੜਤਾਲ ਪੰਜਾਬ ਪੱਧਰ ’ਤੇ ਆ, ਜਿਨ੍ਹਾਂ ਚਿਰ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਸਾਡੀ ਹੜਤਾਲ ਲਗਾਤਾਰ ਜਾਰੀ ਰਹੇਗੀ, ਉਥੇ ਹੀ ਸ਼ਹਿਰ ਦੇ ਆਮ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਜੇਕਰ ਨਗਰ ਕੌਂਸਲ ਕਰਮਚਾਰੀਆਂ ਦੀ ਹੜਤਾਲ ਹੈ ਤਾਂ ਲੋਕ ਆਪਣੇ ਕੂੜੇ ਨੂੰ ਨਗਰ ਕੌਂਸਲ ਵੱਲੋਂ ਬਣਾਏ ਗਏ ਡੰਪਾਂ ਵਿਚ ਸੁੱਟ ਕੇ ਆਉਣ ਨਾ ਕਿ ਸ਼ਹਿਰ ਵਿਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲਗਾਏ ਜਾਣ, ਉਥੇ ਹੀ ਨਗਰ ਕੌਂਸਲ ਪ੍ਰਧਾਨ ਦਾ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਪੰਜਾਬ ਪੱਧਰੀ ਹੜਤਾਲ ਕਾਰਣ ਮੁਸ਼ਕਿਲ ਆ ਰਹੀ ਹੈ ਅਤੇ ਇਹ ਹੜਤਾਲ ਛੇਤੀ ਹੀ ਖੁੱਲ੍ਹ ਜਾਵੇਗੀ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ।


Bharat Thapa

Content Editor

Related News