ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ''ਆਪ'' ਵਰਕਰਾਂ ਨੇ ਮਹਾਰਾਸ਼ਟਰ ਤੇ ਹਰਿਆਣਾ ''ਚ ਕੀਤੀ ਭੁੱਖ ਹੜਤਾਲ
Sunday, Apr 07, 2024 - 04:33 PM (IST)
ਹਰਿਆਣਾ- ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਐਤਵਾਰ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿਚ ਇਕ ਦਿਨ ਦੀ ਭੁੱਖ ਹੜਤਾਲ ਕੀਤੀ। ਹਰਿਆਣਾ ਇਕਾਈ ਦੇ ਮੁਖੀ ਸੁਸ਼ੀਲ ਗੁਪਤਾ ਅਤੇ ਪਾਰਟੀ ਵਰਕਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਕ ਦਿਨਾ ਭੁੱਖ ਹੜਤਾਲ ਲਈ ਐਤਵਾਰ ਨੂੰ ਕੁਰੂਕਸ਼ੇਤਰ ਵਿਚ ਇਕੱਠੇ ਹੋਏ। ਇਸ ਮੌਕੇ ਗੁਪਤਾ ਨੇ ਕੇਂਦਰ ਦੀ ਵਿਚ ਸੱਤਾਧਾਰੀ ਭਾਜਪਾ 'ਤੇ ਨਿਸ਼ਾਨੇ ਵਿੰਨ੍ਹੇ ਅਤੇ ਦੋਸ਼ ਲਾਇਆ ਕਿ ਉਹ ਤਾਨਾਸ਼ਾਹੀ ਰਵੱਈਏ ਅਪਣਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ। ਈਮਾਨਦਾਰ ਲੋਕਾਂ ਨੂੰ ਜੇਲ੍ਹ 'ਚ ਬੰਦ ਕਰ ਰਹੀ ਹੈ।
ਗੁਪਤਾ ਨੇ ਕਿਹਾ ਕਿ ਨਾ ਤਾਂ ਕੇਜਰੀਵਾਲ ਅਤੇ ਨਾ ਹੀ 'ਆਪ' ਵਰਕਰ ਸੱਤਾਧਾਰੀ ਪਾਰਟੀ ਵਲੋਂ ਅਪਣਾਈ ਜਾ ਰਹੀਆਂ ਰਣਨੀਤੀਆਂ ਤੋਂ ਡਰਨ ਵਾਲੇ ਨਹੀਂ ਹਨ। ਓਧਰ 'ਆਪ' ਵਰਕਰ ਆਪਣਾ ਵਿਰੋਧ ਜਤਾਉਣ ਲਈ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇਕੱਠੇ ਹੋਏ। ਪੁਣੇ ਸਮੇਤ ਮਹਾਰਾਸ਼ਟਰ ਦੇ ਹੋਰ ਸ਼ਹਿਰਾਂ ਵਿਚ ਵੀ 'ਆਪ' ਵਰਕਰਾਂ ਨੇ ਜਨਤਕ ਥਾਵਾਂ 'ਤੇ ਦਿਨ ਭਰ ਵਿਰੋਧ ਪ੍ਰਦਰਸ਼ਨ ਕੀਤਾ। ਪੁਣੇ ਵਿਚ ਵਿਰੋਧੀ ਧਿਰ ਕਾਂਗਰਸ ਅਤੇ ਸ਼ਿਵ ਸੈਨਾ ਦੇ ਕੁਝ ਨੇਤਾ ਵੀ 'ਆਪ' ਦੇ ਵਿਰੋਧ ਵਿਚ ਸ਼ਾਮਲ ਹੋਏ। ਦੱਸ ਦੇਈਏ ਕਿ ਕੇਜਰੀਵਾਲ ਨੂੰ ਪਿਛਲੇ ਮਹੀਨੇ 21 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਉਹ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਤਿਹਾੜ ਜੇਲ੍ਹ ਵਿਚ ਬੰਦ ਹਨ।