ਪ੍ਰਸ਼ਾਸਨ ਦੇ ਦਾਅਵਿਆਂ ਦੀ ਖੋਲ੍ਹੀ ਪੋਲ, ਬੇਮੌਸਮੀ ਗੜ੍ਹੇਮਾਰੀ ਨੇ 400 ਬੋਰੀਆਂ ਮੰਡੀ ’ਚ ਭਿੱਜੀਆਂ
Saturday, Apr 20, 2024 - 12:48 PM (IST)
ਅੰਮ੍ਰਿਤਸਰ (ਦਲਜੀਤ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਸਬੰਧੀ ਕੀਤੇ ਦਾਅਵਿਆਂ ਦੀ ਬੇਮੌਸਮੀ ਗੜੇਮਾਰੀ ਅਤੇ ਹਨੇਰੀ ਨੇ ਪੋਲ ਖੋਲ੍ਹ ਦਿੱਤੀ ਹੈ। ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਵੱਲੋਂ ਬੀਤੇ ਕੱਲ੍ਹ਼ ਖਰੀਦੇ ਗਏ 400 ਦੇ ਕਰੀਬ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਗੜੇਮਾਰੀ ਵਿਚ ਕਣਕ ਪੂਰੀ ਤਰ੍ਹਾਂ ਭਿੱਜ ਗਈ ਹੈ। ਉਧਰ ਦੂਸਰੇ ਪਾਸੇ ਮੌਸਮ ਦੇ ਲਗਾਤਾਰ ਲੈ ਰਹੀ ਕਰਵਟ ਨੂੰ ਦੇਖ ਕੇ ਆੜ੍ਹਤੀ ਅਤੇ ਕਿਸਾਨਾਂ ਦੇ ਮੱਥੇ ’ਤੇ ਵੀ ਚਿੰਤਾ ਦੀਆਂ ਲਕੀਰਾਂ ਖਿੱਚ ਰਹੀਆਂ ਹਨ। ਪੁੱਤਾਂ ਵਾਂਗ ਪਾਲੀ ਫਸਲ ਅੱਜ ਦੀ ਗੜ੍ਹੇਮਾਰੀ ਕਾਰਨ ਜ਼ਮੀਨ ’ਤੇ ਲੇਟ ਗਈ ਹੈ ਅਤੇ ਹੁਣ ਕਟਾਈ ਕੁਝ ਦਿਨ ਹੋਰ ਲੇਟ ਹੋ ਗਈ ਹੈ। ਆੜ੍ਹਤੀ ਵਰਗ ਅੱਜ ਵੀ ਲਿਫਟਿੰਗ ਦਾ ਟੈਂਡਰ ਨਾ ਹੋਣ ਕਾਰਨ ਪ੍ਰੇਸ਼ਾਨੀ ਵਿਚ ਦਿਖਾਈ ਦਿੱਤਾ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਪੰਜਾਬ ਭਰ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ ਪਰ ਅੰਮ੍ਰਿਤਸਰ ਜ਼ਿਲ੍ਹੇ ਦੀ ਦਾਣਾ ਮੰਡੀ ਭਗਤਾਂਵਾਲਾ ਵਿਚ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਵੱਲੋਂ 18 ਅਪ੍ਰੈਲ ਨੂੰ ਖ਼ਰੀਦ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵੱਲੋਂ ਖਰੀਦ ਸ਼ੁਰੂ ਕਰਵਾਉਂਦਿਆਂ ਹੋਇਆਂ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਖ਼ਰੀਦੀ ਗਈ 400 ਦੇ ਕਰੀਬ ਤੋੜੇ ਦੀ ਲਿਫਟਿੰਗ ਨਾ ਹੋਣ ਕਾਰਨ ਬੇਮੌਸਮੀ ਗੜ੍ਹੇਮਾਰੀ ਕਾਰਨ ਫ਼ਸਲ ਪੂਰੀ ਤਰ੍ਹਾਂ ਭਿੱਜ ਗਈ। ਗੜ੍ਹੇਮਾਰੀ ਤੋਂ ਬਚਾਉਣ ਲਈ ਮਜ਼ਦੂਰ ਅਤੇ ਆੜ੍ਹਤੀ ਵਰਗ ਫ਼ਸਲ ਨੂੰ ਤਰਪਾਲਾਂ ਦੇ ਨਾਲ ਢੱਕਦੇ ਹੋਏ ਦਿਖਾਈ ਦਿੱਤੇ ਪਰ ਬਰਸਾਤ ਜ਼ਿਆਦੀ ਹੋਣ ਕਾਰਨ ਅਤੇ ਹਨੇਰੀ ਕਾਰਨ ਤਰਪਾਲਾਂ ਵੀ ਪੂਰੀ ਤਰ੍ਹਾਂ ਨਾਲ ਸਰਕਾਰ ਵੱਲੋਂ ਖ਼ਰੀਦੀ ਫ਼ਸਲ ਨੂੰ ਢੱਕ ਨਹੀਂ ਪਾਈ।
ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ
ਉਧਰ ਦੂਸਰੇ ਪਾਸੇ ਕੁੱਕੜਾਂ ਵਾਲਾ ਅਨਾਜ ਮੰਡੀ ਵਿਚ ਨਿਰੀਖਣ ਕਰਨ ਗਏ ਦਾਣਾ ਮੰਡੀ ਭਗਤਾਂ ਵਾਲਾ ਦੇ ਪ੍ਰਧਾਨ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਸਰਕਾਰ ਵੱਲੋਂ ਖ਼ਰੀਦੀ ਫ਼ਸਲ ਪੂਰੀ ਤਰ੍ਹਾਂ ਨਾਲ ਭਿੱਜ ਗਈ ਹੈ। ਮੌਸਮ ਦੀ ਕਰਵਟ ਕਾਰਨ ਹੁਣ ਫ਼ਸਲ ਦੀ ਕਟਾਈ ਤਿੰਨ ਚਾਰ ਦਿਨ ਹੋਰ ਲੇਟ ਹੋ ਗਈ ਹੈ। ਜੇਕਰ ਬਰਸਾਤ ਫਿਰ ਹੁੰਦੀ ਹੈ ਤਾਂ ਕਟਾਈ ਹੋਰ ਜ਼ਿਆਦਾ ਲੇਟ ਹੋ ਜਾਵੇਗੀ।
ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਦੱਸਿਆ ਕਿ ਬਰਸਾਤ ਕਾਰਨ ਫ਼ਸਲ ਵਿਚ ਹੁਣ ਹੋਰ ਨਮੀ ਆ ਗਈ ਹੈ। ਕਿਸਾਨ ਵਰਗ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ 12 ਫੀਸਦੀ ਨਮੀ ਵਾਲੀ ਫ਼ਸਲ ਹੀ ਮੰਡੀ ਵਿਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਫ਼ਸਲ ਦੀ ਲਿਫਟਿੰਗ ਨਿਰਧਾਰਿਤ ਸਮੇਂ ’ਤੇ ਕੀਤੀ ਜਾਵੇਗੀ ਅਤੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰੀ ਖ਼ਰੀਦ ਦੇ ਦੂਸਰੇ ਦਿਨ ਹੀ ਖ਼ਰੀਦੇ ਮਾਲ ਦੀ ਲਿਫਟਿੰਗ ਨਾ ਹੋਣ ਕਾਰਨ ਉਹ ਬੇਮੌਸਮੀ ਗੜੇਮਾਰੀ ਵਿਚ ਗਿੱਲਾ ਹੋ ਗਿਆ ਹੈ ਅਤੇ ਅਜੇ ਤੱਕ ਲਿਫਟਿੰਗ ਕਰਨ ਲਈ ਕਿਸੇ ਵੀ ਕੰਪਨੀ ਵੱਲੋਂ ਟੈਂਡਰ ਅਪਲਾਈ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਪ੍ਰਧਾਨ ਛੀਨਾ ਨੇ ਕਿਹਾ ਕਿ ਅੱਜ ਵੀ ਪ੍ਰਸ਼ਾਸਨਿਕ ਅਧਿਕਾਰੀ ਮੰਡੀ ਵਿਚ ਦੌਰਾ ਕਰਨ ਆਏ ਅਤੇ ਉਨ੍ਹਾਂ ਵੱਲੋਂ ਫਿਰ ਆਪਣੀ ਗੱਲ ਦੁਹਰਾਈ ਗਈ ਕਿ ਲਿਫਟਿੰਗ ਦਾ ਕੰਮ ਆੜ੍ਹਤੀ ਵਰਗ ਖੁਦ ਕਰੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਆੜ੍ਹਤੀ ਵਰਗ ਕੋਲ ਪੂਰੇ ਸਾਧਨ ਨਹੀਂ ਹਨ ਅਤੇ ਆੜ੍ਹਤੀ ਵਰਗ ਕਿਸੇ ਵੀ ਹਾਲਤ ਵਿਚ ਲਿਫਟਿੰਗ ਨਹੀਂ ਕਰ ਸਕਦਾ। ਜੇਕਰ ਪ੍ਰਸ਼ਾਸਨ ਲਿਫਟਿੰਗ ਦਾ ਟੈਂਡਰ ਉਸ ਕੰਪਨੀ ਨੂੰ ਨਾ ਦਿੱਤਾ ਗਿਆ, ਜਿਸ ਕੋਲ ਯਾਤਾਯਾਤ ਦੇ ਪੂਰੇ ਸਾਧਨ ਹਨ ਤਾਂ ਆੜ੍ਹਤੀ ਵਰਗ ਮਜ਼ਬੂਰ ਹੋ ਕੇ ਸੜਕਾਂ ’ਤੇ ਉਤਰੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹੁਣ ਤੱਕ ਲਿਫਟਿੰਗ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਜੇਕਰ ਕੁਦਰਤ ਦੀ ਮਾਰ ਇਸੇ ਤਰ੍ਹਾਂ ਪੈਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ’ਤੇ ਕਣਕ ਖ਼ਰਾਬ ਹੋ ਸਕਦੀ ਹੈ। ਪ੍ਰਧਾਨ ਛੀਨਾ ਨੇ ਸਰਕਾਰ ਨੂੰ ਅਪੀਲ ਕੀਤੀ ਆੜ੍ਹਤੀ ਅਤੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਬੇਲੋੜੀ ਘਾਟ ਆੜ੍ਹਤੀ ਵਰਗ ਨੂੰ ਪਾਈ ਜਾਂਦੀ ਹੈ ਤਾਂ ਉਸ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਡੀਕ ਸਿੰਘ, ਕਾਰਜ ਸਿੰਘ, ਸਰਪੰਚ ਛੇਦ ਸਿੰਘ, ਜਰਨੈਲ ਸਿੰਘ ਬਾਠ ਆਦਿ ਆੜਤੀ ਮੌਜੂਦ ਸਨ ਅਤੇ ਪ੍ਰਧਾਨ ਅਮਨਦੀਪ ਛੀਨਾ ਨੂੰ ਉਪ ਪ੍ਰਧਾਨ ਬਣਨ ’ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਬੇਮੌਸਮੀ ਬਰਸਾਤ ਨਾਲ ਮੁਰਝਾਏ ਕਿਸਾਨਾਂ ਦੇ ਚਿਹਰੇ, ਸਰਕਾਰ ਕਰੇ ਤੁਰੰਤ ਮਦਦ
ਕਿਸਾਨ ਰਣਬੀਰ ਸਿੰਘ ਮੂਧਲ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਕਿਸਾਨ ਵਰਗ ਵੱਲੋਂ ਆਪਣੇ ਪੁੱਤਾਂ ਵਾਂਗ ਸੰਭਾਲ ਕੇ ਪਾਲਿਆ ਹੁੰਦਾ ਹੈ ਤਾਂ ਕਿ ਫਸਲ ਦੀ ਕਟਾਈ ਹੋ ਕੇ ਨਿਰਧਾਰਿਤ ਮੁੱਲ ਮੰਡੀ ਵਿਚ ਮਿਲ ਸਕੇ ਪਰ ਹੋਈ ਬੇਮੌਸਮੀ ਗੜੇਮਾਰੀ ਕਾਰਨ ਖੇਤਾਂ ਵਿਚ ਖੜੀ ਸੁੱਕੀ ਫਸਲ ਪੂਰੀ ਤਰ੍ਹਾਂ ਨਾਲ ਜ਼ਮੀਨ ’ਤੇ ਵਿਛ ਗਈ ਹੈ ਅਤੇ ਕਿਸਾਨ ਵਰਗ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮੀਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ
ਉਧਰ ਦੂਸਰੇ ਪਾਸੇ ਆੜ੍ਹਤੀ ਵਰਗ ਵੱਲੋਂ ਵੀ 12 ਫੀਸਦੀ ਨਵੀਂ ਵਾਲੀ ਕਣਕ ਮੰਡੀ ਵਿਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨ ਵਰਗ ਲਗਾਤਾਰ ਬੇਮੌਸਮੀ ਬਰਸਾਤ ਕਾਰਨ ਪ੍ਰੇਸ਼ਾਨ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੁਦਰਤ ਦੀ ਮਾਰ ਕਾਰਨ ਚਿੰਤਾ ਵਿਚ ਪਏ ਕਿਸਾਨਾਂ ਨੂੰ ਵਿਸ਼ੇਸ਼ ਮੁਆਵਜ਼ਾ ਦੇ ਕੇ ਰਾਹਤ ਦਿੱਤੀ ਜਾਵੇ ਤਾਂ ਕਿ ਕੁਦਰਤੀ ਮਾਰ ਕਾਰਨ ਨੁਕਸਾਨੇ ਗਈ ਫਸਲ ਦਾ ਵਾਜਿਬ ਮੁੱਲ ਕਿਸਾਨ ਵਰਗ ਨੂੰ ਮਿਲ ਸਕੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਮੰਡੀ ਵਿੱਚ ਫਸਲ ਦੀ ਲਿਫਟਿੰਗ ਅਤੇ ਫਸਲ ਦੇ ਰੱਖ-ਰਖਾਵ ਲਈ ਉਚਿਤ ਪ੍ਰਬੰਧ ਕੀਤੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8