ਰਾਜਿਆਂ ਦੀ ‘ਮੰਡੀ’ ’ਚ ਸਿਆਸਤ ਦਾ ‘ਰੰਗਮੰਚ’

04/08/2024 4:18:55 PM

ਦੇਸ਼ ਦੀ 18ਵੀਂ ਲੋਕ ਸਭਾ ਦੀਆਂ ਚੋਣਾਂ ’ਚ ਹਿਮਾਚਲ ਪ੍ਰਦੇਸ਼ ਦੀ ਇਕ ਸੀਟ ‘ਮੰਡੀ’ ਨੇ ਦੇਸ਼ ਦਾ ਧਿਆਨ ਆਕਰਸ਼ਿਤ ਤਾਂ ਕੀਤਾ ਹੀ ਹੈ, ਉਥੇ ਹੀ ਬਾਲੀਵੁੱਡ ਦੀ ਸਿਆਸਤ ’ਚ ਧਮਾਕੇਦਾਰ ਐਂਟਰੀ ਨਾਲ ਮੰਡੀ ਖੂਬ ਖਨਕ ਰਿਹਾ ਹੈ। ਜੋ ਮੰਡੀ ਕਦੇ ਰਾਜਿਆਂ ਦੀ ਮੰਡੀ ਹੋਇਆ ਕਰਦੀ ਸੀ, ਉਥੇ ਰੰਗਮੰਚ ਦੀ ਸਿਆਸਤ ਨਵਾਂ ਗੁੱਲ ਖਿਲਾ ਰਹੀ ਹੈ। ਭਾਜਪਾ ਨੇ ਇਸ ਬਿਹਤਰੀਨ ਅਤੇ ਪਹਿਲਾਂ ਤੋਂ ਅਤਿਅੰਤ ਸੁਵਿਧਾਜਨਕ ਸੀਟ ’ਤੇ ਬਾਲੀਵੁੱਡ ਰਾਜਪੂਤ ਅਭਿਨੇਤਰੀ ਕੰਗਨਾ ਰਾਣਾਵਤ ਨੂੰ ਚੋਣ ਜੰਗ ’ਚ ਉਤਾਰ ਕੇ ਕਈ ਵਿਵਾਦ ਮੁੱਲ ਲੈ ਲਏ ਹਨ।

ਉਂਝ ਤਾਂ ਭਾਜਪਾ ਲਈ ਇਹ ਸੀਟ ਇਸ ਲਈ ਵੀ ਸੁਵਿਧਾਜਨਕ ਸੀ ਕਿਉਂਕਿ ਮੰਡੀ ਜ਼ਿਲੇ ਦੀਆਂ 10 ’ਚੋਂ 9 ਵਿਧਾਨ ਸਭਾ ਸੀਟਾਂ ਭਾਜਪਾ ਦੀ ਝੋਲੀ ’ਚ ਪਹਿਲਾਂ ਹੀ ਸੀ ਅਤੇ ਮੰਡੀ ਸੰਸਦੀ ਸੀਟ ਦੀਆਂ ਬਾਕੀ ਵਿਧਾਨ ਸਭਾ ਸੀਟਾਂ ’ਤੇ ਸਾਲ 2022 ’ਚ ਭਾਜਪਾ ਦਾ ਵੋਟ ਫਰਕ ਬਹੁਤ ਹੀ ਘੱਟ ਸੀ।

ਪਰ ਇਸ ਸੀਟ ਤੋਂ ਕੰਗਨਾ ਰਾਣਾਵਤ ਨੂੰ ਉਤਾਰ ਕੇ ਅਚਾਨਕ ਭਾਜਪਾ ਰਾਸ਼ਟਰੀ ਪੱਧਰ ’ਤੇ ਵਿਵਾਦਾਂ ’ਚ ਤਾਂ ਘਿਰ ਹੀ ਗਈ, ਉਹ ਵੀ ਉਦੋਂ ਜਦੋਂ ਸਿੱਧਾ ਬਾਲੀਵੁੱਡ ਤੋਂ ਕੰਗਨਾ ਦੇ ਕਈ ‘ਖੈਰ ਖਵਾਹ’ ਪਹਿਲਾਂ ਤੋਂ ਹੀ ਮੌਜੂਦ ਹਨ। ਸੋਸ਼ਲ ਮੀਡੀਆ ’ਤੇ ਟ੍ਰੋਲ ਹੁੰਦੀ ਇਸ ਐਕਟ੍ਰੈੱਸ ਅਤੇ ਉਮੀਦਵਾਰ ’ਤੇ ਹਿਮਾਚਲ ਦੇ ਦੇਵ ਸਮਾਜ ਦਾ ਸਿੱਧਾ ਅਸਰ ਦਿਸਿਆ ਹੈ। ਇਹ ਹੋਰ ਗੱਲ ਹੈ ਕਿ ਕੰਗਨਾ ਦਾ ਸੋਸ਼ਲ ਮੀਡੀਆ ਸਰਪ੍ਰਸਤ ਬਰਾਬਰ ਦੀ ਟੱਕਰ ਵੀ ਦੇ ਰਿਹਾ ਹੈ। ਹਾਲਾਂਕਿ, ਚੋਣ ਮਾਰਗ ਅਤੇ ਮਸ਼ਹੂਰ ਸੈਲੀਬ੍ਰਿਟੀ ਸਿਲੈਬਸ, ਦੋਵੇਂ ਆਪਣੀ-ਆਪਣੀ ਜਗ੍ਹਾ ਹਨ।

ਪਰ ਮੰਡੀ ਤੋਂ ਅਜੇ ਤਕ ਕਾਂਗਰਸ ਨੇ ਆਪਣੇ ਪੱਤੇ ਉਮੀਦਵਾਰ ਨੂੰ ਲੈ ਕੇ ਸਾਫ ਨਹੀਂ ਕੀਤੇ ਹਨ। ਜਿਵੇਂ ਹੀ ਉਮੀਦਵਾਰ ਐਲਾਨਿਆ ਜਾਵੇਗਾ, ਸਟਾਰ ਰਾਊਂਡ ਇਕ ਨਵੇਂ ਫਾਰਮੇਟ ’ਚ ਹੋਵੇਗਾ।

ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਦੀ ਸਿਆਸਤ ਵਿਵਾਦਿਤ ਵੀ ਰਹੀ ਹੈ ਅਤੇ ਦਿਲਚਸਪ ਵੀ ਕਿਉਂਕਿ ਇਥੋਂ ਲੜਨ ਵਾਲੇ ਕਦੇ ਵੀ ਆਮ ਪਰਿਵੇਸ਼ ਤੋਂ ਨਹੀਂ ਸਨ। ਰਾਜਸੀ ਘਰਾਣਿਆਂ ਤੋਂ ਮਹੇਸ਼ਵਰ ਸਿੰਘ 3 ਵਾਰ, ਵੀਰਭੱਦਰ ਸਿੰਘ 2 ਵਾਰ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ 2 ਵਾਰ, ਕੇਂਦਰੀ ਮੰਤਰੀ ਰਹੇ ਪੰਡਿਤ ਸੁਖਰਾਮ 3 ਵਾਰ ਸੰਸਦ ਮੈਂਬਰ ਰਹੇ। ਵੀਰਭੱਦਰ ਬੁਸ਼ਹਰ ਰਿਆਸਤ ਦੇ, ਮਹੇਸ਼ਵਰ ਕੁੱਲੂ ਦੇ ਅਤੇ ਸੁਖਰਾਮ ਮੰਡੀ ਜ਼ਿਲੇ ਨਾਲ ਤਾਅਲੁਕ ਰੱਖਦੇ ਹਨ। ਹੋਰ ਤਾਂ ਹੋਰ ਇਥੋਂ ਜੈਰਾਮ ਠਾਕੁਰ ਵੀ ਹਾਰ ਗਏ ਸਨ।

ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਮੰਡੀ ’ਤੇ ਅਜਿਹੀ ਪਕੜ ਬਣਾਈ ਕਿ ਸੰਘ ਨਾਲ ਜੁੜੇ ਰਾਮਸਵਰੂਪ, ਬਿਹਤਰੀਨ ਵੋਟਾਂ ਨਾਲ 2019 ’ਚ ਜਿੱਤ ਗਏ ਪਰ ਜਦੋਂ ਉਨ੍ਹਾਂ ਨੇ ਦਿੱਲੀ ’ਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ, ਉਦੋਂ ਫਿਰ ਪ੍ਰਤਿਭਾ ਸਿੰਘ 49.23 ਫੀਸਦੀ ਵੋਟਾਂ ਲੈ ਕੇ ਜਿੱਤ ਗਈ। ਹਾਲਾਂਕਿ ਉਦੋਂ ਸੂਬੇ ’ਚ ਭਾਜਪਾ ਦੀ ਜੈਰਾਮ ਸਰਕਾਰ ਸੀ।

ਕੁਲ ਮਿਲਾ ਕੇ ਮੰਡੀ ਸੀਟ ’ਤੇ ਚੋਣਾਂ ਹਰ ਵਾਰ ਨਵੀਂ ਦਿਸ਼ਾ ਅਤੇ ਦਸ਼ਾ ਲੈ ਕੇ ਆਉਂਦੀਆਂ ਹਨ। ਭਾਜਪਾ ਨੇ ਸੈਲੀਬ੍ਰਿਟੀ ਕੰਗਨਾ ’ਤੇ ਦਾਅ ਲਗਾਇਆ ਹੈ। ਹਾਲਾਂਕਿ ਕੰਗਨਾ ਦੀ ਉਮੀਦਵਾਰੀ ਐਲਾਨ ਹੋਣ ਤੋਂ ਪਹਿਲਾਂ ਹੀ ਪ੍ਰਤਿਭਾ ਸਿੰਘ ਨੇ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਸੀ ਕਿ ਪ੍ਰਤਿਭਾ, ਮੋਦੀ ਲਹਿਰ ਕਾਰਨ ਅੱਗੇ ਨਹੀਂ ਆਉਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ ਮੰਡੀ ਤੋਂ ਵਰਕਰਾਂ ਦੀ ਆਪਣੀ ਸਰਕਾਰ ’ਚ ਅਣਦੇਖੀ ਦੀ ਗੱਲ ਵੀ ਕੀਤੀ।

ਇਸੇ ਦਰਮਿਆਨ ਕੰਗਨਾ ਦਾ ਦਿੱਲੀ ਤੋਂ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੀ ਕੁਮੈਂਟਰੀ ਅਤੇ ਧੂਮ-ਧੜਾਮ ਦਰਮਿਆਨ ਮੰਡੀ ਦੀ ਸੀਟ ਸੁਪਰ ਹਾਟ ਬਣ ਗਈ। ਮੰਡੀ ਦੇ ਵਰਕਰ ਸੁਪਰ ਸਟਾਰ ਨੂੰ ਨਿੱਜੀ ਤੌਰ ’ਤੇ ਸਾਹਮਣੇ ਦੇਖ ਕੇ ਦੰਗ ਰਹਿ ਗਏ ਤਾਂ ਉਥੇ ਹੀ ਮੰਡੀ ’ਚ ਪਾਰਟੀ ਦੇ ਸੀਨੀਅਰ ਨੇਤਾ ਕੰਗਨਾ ਦਾ ਪਰਛਾਵਾਂ ਹੀ ਰਹਿ ਗਏ।

ਤੇਜ਼-ਤਰਾਰ ਕੰਗਨਾ ਨੇ ਦੋਸ਼ਾਂ ਦਾ ਖੰਡਨ ਮੰਡਿਆਲੀ ’ਚ ਕੀਤਾ ਤਾਂ ਸਹੀ ਪਰ ਸਰਕਾਘਾਟੀ ਅਤੇ ਬਿਲਾਸਪੁਰੀ ਮਿਸ਼ਰਿਤ ਬੋਲੀ ਨਾਲ, ਪਾਂਗੀ, ਲਾਹੌਲ, ਰਾਮਪੁਰ, ਛੱਤਰੀ, ਸਰਾਜ ਅਤੇ ਮੰਡੀ ਸਥਾਨਕ ਬੋਲੀ ਬੋਲਣ ਵਾਲੇ ਵੋਟਰ ਹੈਰਾਨ ਸਨ ਕਿਉਂਕਿ ਕੰਗਨਾ ਦੀ ਅਗਲੀ ਚੁਣੌਤੀ ਇਨ੍ਹਾਂ ਬੋਲੀਆਂ ਨੂੰ ਬੋਲਣਾ ਵੀ ਹੋਵੇਗਾ।

ਦਰਅਸਲ ਮੰਡੀ ਸੰਸਦੀ ਸੀਟ ’ਚ 17 ਵਿਧਾਨ ਸਭਾ ਖੇਤਰ ਹਨ ਜਿਸ ’ਚ ਚਾਰ ਕੁੱਲੂ ਜ਼ਿਲੇ ਦੇ, ਚੰਬਾ, ਕਿਨੌਰ, ਲਾਹੌਲ ਸਪੀਤੀ ਅਤੇ ਸ਼ਿਮਲਾ ਦੀ ਇਕ-ਇਕ ਵਿਧਾਨ ਸਭਾ ਸੀਟ ਹੈ। ਮੰਡੀ ਦੀਆਂ 9 ਸੀਟਾਂ ਹਨ ਭਾਵ ਮੰਡੀ ਸੰਸਦੀ ਖੇਤਰ ’ਚ 6 ਜ਼ਿਲੇ ਆਉਂਦੇ ਹਨ ਅਤੇ ਇਨ੍ਹਾਂ ਸਾਰੇ 6 ਜ਼ਿਲਿਆਂ ਦੀਆਂ ਬੋਲੀਆਂ ਵੱਖ-ਵੱਖ ਹਨ।

ਇਨ੍ਹਾਂ 17 ਵਿਧਾਨ ਸਭਾ ਸੀਟਾਂ ’ਚ ਦੋਵੇਂ ਪਾਰਟੀਆਂ ’ਚ ਕਾਂਟੇ ਦੀ ਟੱਕਰ ਹੈ ਪਰ ਸਰਾਜ ’ਚ ਜੈਰਾਮ ਦੀ ਸੀਟ, ਮੰਡੀ ’ਚ ਅਨਿਲ ਸ਼ਰਮਾ ਦੀ ਸੀਟ, ਭਰਮੌਰ ਤੋਂ ਜਨਕਰਾਜ ਦੀ ਸੀਟ ਅਤੇ ਸੁੰਦਰਨਗਰ ਤੋਂ ਰਾਕੇਸ਼ ਜਮਵਾਲ ਦੀਆਂ ਭਾਜਪਾਈ ਸੀਟਾਂ ਨਾਲ ਪਾਰਟੀ ਨੂੰ ਬਹੁਤ ਵੱਡਾ ਵੋਟ ਸ਼ੇਅਰ ਮਿਲਦਾ ਹੈ। ਮੰਡੀ ਜ਼ਿਲੇ ਦੀਆਂ ਇਨ੍ਹਾਂ ਸੀਟਾਂ ਨਾਲ ਕੰਗਨਾ ਦਾ ਭਾਰ ਵਧਦਾ ਵੀ ਹੈ।

ਪਰ ਮੁਸ਼ਕਲਾਂ ਵੀ ਘੱਟ ਨਹੀਂ। ਜਿਉਂ-ਜਿਉਂ ਪ੍ਰਚਾਰ ਪ੍ਰਵਾਨ ਚੜ੍ਹੇਗਾ, ਕਾਂਗਰਸ ਜੰਮ ਕੇ ਵਾਰ ਕਰੇਗੀ। ਕੰਗਨਾ ਦੀਆਂ ਤਸਵੀਰਾਂ ਨੂੰ ਲੈ ਕੇ ਹੋਵੇ ਜਾਂ ਮੂੰਹ-ਫਟ ਬਿਆਨਬਾਜ਼ੀ ਜਾਂ ਖੀਣ-ਪੀਣ ਨੂੰ ਲੈ ਕੇ ਸੰਘ ਅਤੇ ਪਾਰਟੀ ਵਿਚਾਰਧਾਰਾ ਦੇ ਉਲਟ ਪੁਰਾਣੇ ਮਸਲੇ, ਇਨ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰਨਗੇ।

ਦੇਖਣਾ ਇਹ ਹੈ ਕਿ ਰਾਣਾਵਤ ਦੀ ਸੋਸ਼ਲ ਮੀਡੀਆ ਮੈਨੇਜਮੈਂਟ ਅਤੇ ਰੰਗਮੰਚ ਦੀਆਂ ਹਵਾਵਾਂ ਦਰਮਿਆਨ ਕੀ ਲੋਕ ਮੰਡੀ ’ਚ ਮੋਦੀ ਲਹਿਰ ਦੇ ਚਿਹਰੇ ਨੂੰ ਜ਼ਿੰਦਾ ਰੱਖ ਸਕਣਗੇ? ਜਾਂ ਮੰਡੀ ਸੈਲੀਬ੍ਰਿਟੀ ਬਾਲੀਵੁੱਡ ਅਤੇ ਵਿਵਾਦਾਂ ਨੂੰ ਦਰਕਿਨਾਰ ਕਰਕੇ ਜੈਰਾਮ ਵਰਗੇ ਸਾਧਾਰਨ ਨੇਤਾ ਅਤੇ ਮੋਦੀ ਦੇ ਵਿਕਾਸ ਨੂੰ ਆਤਮਸਾਤ ਕਰਨਗੇ?

ਡਾ. ਰਚਨਾ ਗੁਪਤਾ


Rakesh

Content Editor

Related News