ਗੁਰੂ ਨਗਰੀ ’ਚ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ, ਵਾਹਨ ਚਾਲਕਾਂ ਤੇ ਪੰਛੀਆਂ ਲਈ ਹੋ ਰਹੀ ਘਾਤਕ ਸਿੱਧ

Friday, Jan 05, 2024 - 04:23 PM (IST)

ਅੰਮ੍ਰਿਤਸਰ (ਜਸ਼ਨ)- ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸ਼ਹਿਰ ਵਿਚ ਪਾਬੰਦੀਸ਼ੁਦਾ ਖੂਨੀ ਡੋਰ (ਚਾਈਨਾ ਡੋਰ) ਦੀ ਅੰਨ੍ਹੇਵਾਹ ਵਿਕਰੀ ਹੋ ਰਹੀ ਹੈ। ਇਸ ਚਾਈਨਾ ਡੋਰ ਕਾਰਨ ਹਰ ਰੋਜ਼ ਅਸਮਾਨ ਵਿਚ ਉੱਡਦੇ ਪੰਛੀਆਂ ਦੇ ਨਾਲ-ਨਾਲ ਲੋਕਾਂ ਦੀ ਜਾਨ-ਮਾਲ ਦਾ ਵੀ ਨੁਕਸਾਨ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਇਸ ਪਾਬੰਦੀਸ਼ੁਦਾ ਚਾਈਨਾ ਡੋਰ ’ਤੇ ਮੁਕੰਮਲ ਪਾਬੰਦੀ ਲਗਾਉਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਚਾਈਨਾ ਡੋਰ ਨੂੰ ਖੂਨੀ ਡੋਰ ਦਾ ਨਾਂ ਦਿੱਤਾ ਗਿਆ ਹੈ, ਕਿਉਂਕਿ ਪਲਾਸਟਿਕ ਅਤੇ ਹੋਰ ਕਈ ਤਰ੍ਹਾਂ ਦੇ ਸਾਮਾਨ ਨਾਲ ਬਣੀ ਇਸ ਡੋਰ ਕਾਰਨ ਹਵਾ ਵਿਚ ਉੱਡਣ ਕਾਰਨ ਕਈ ਦੋ ਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀ ਕੀਮਤੀ ਜਾਨ ਵੀ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਹਵਾ ਵਿਚ ਉੱਡ ਰਹੀ ਇਸ ਘਾਤਕ ਡੋਰ ਕਾਰਨ ਕਈ ਪੰਛੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇਹ ਖੂਨੀ ਡੋਰ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ।

ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ

ਵਰਨਣਯੋਗ ਹੈ ਕਿ ਕਈ ਸਾਲ ਪਹਿਲਾਂ ਇਹ ਡੋਰ ਚੀਨ ਤੋਂ ਇੰਪੋਰਟ ਕੀਤੀ ਜਾਂਦੀ ਸੀ ਅਤੇ ਇਸ ਦੀ ਮੰਗ ਵਧਣ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਈ ਕਾਰਖਾਨੇ ਖੋਲ੍ਹੇ ਗਏ ਸਨ ਅਤੇ ਹੁਣ ਇਹ ਡੋਰ ਦੇਸ਼ ਦੇ ਲਗਭਗ ਹਰ ਰਾਜ ਵਿਚ ਮਿਲ ਜਾਂਦੀ ਹੈ। ਜੇਕਰ ਇਹ ਡੋਰ ਇੰਨੀ ਘਾਤਕ ਹੈ ਤਾਂ ਦੇਸ਼ ਵਿਚ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਕਿਉਂ ਨਹੀਂ ਲਗਾਈ ਗਈ? ਇਸ ਦਾ ਕਾਰਨ ਬਹੁਤ ਸਾਰੇ ਉਦਯੋਗਾਂ ਵਿਚ ਇਸ ਡੋਰ ਦੀ ਵਰਤੋਂ ਹੋ ਰਹੀ ਹੈ। ਇਸ ਚਾਈਨਾ ਡੋਰ ਦੀ ਵਰਤੋਂ ਜੀਨ ਪੈਂਟ (ਜੋ ਨੌਜਵਾਨਾਂ ਵਿਚ ਬਹੁਤ ਮਸ਼ਹੂਰ ਹੈ) ਦੀ ਸਿਲਾਈ ਲਈ ਕੀਤੀ ਜਾਂਦੀ ਹੈ। ਪਹਿਲਾਂ ਇਸ ਡੋਰ ਨੂੰ ਇਸੇ ਕਾਰਨ ਦੇਸ਼ ’ਚ ਇੰਪੋਰਟ ਕੀਤਾ ਜਾਂਦਾ ਸੀ ਪਰ ਬਾਅਦ ’ਚ ਜਦੋਂ ਲੋਕਾਂ ਨੇ ਇਸ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੱਤੀ ਤਾਂ ਇਸ ਦੀ ਮੰਗ ’ਚ ਭਾਰੀ ਵਾਧਾ ਹੋਇਆ ਅਤੇ ਇਹ ਡੋਰ ਲੋਕਾਂ ਦੇ ਸਾਹ ਰੋਕ ਰਹੀ ਹੈ। ਮੌਜੂਦਾ ਸਮੇਂ ਵਿਚ ਇਹ ਡੋਰ ਕੁਝ ਫੈਕਟਰੀਆਂ ਵਿਚ ਤਿਆਰ ਕਰ ਕੇ ਚੋਰੀ ਛਿਪੇ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਪਤੰਗਾਂ ਵੀ ਉੱਡਣ ਲੱਗ ਜਾਂਦੀਆਂ ਹਨ। ਜ਼ਿਆਦਾਤਰ ਇਲਾਕਿਆਂ ਵਿਚ ਜੇਕਰ ਅਸੀਂ ਘਰਾਂ ਦੀਆਂ ਛੱਤਾਂ ’ਤੇ ਚੜ੍ਹੀਏ ਤਾਂ ਅਸੀਂ ਦੇਖਦੇ ਹਾਂ ਕਿ ਬੱਚੇ ਅਤੇ ਨੌਜਵਾਨ ਚਾਈਨਾ ਦੀ ਡੋਰ ਨਾਲ ਪਤੰਗ ਉਡਾਉਂਦੇ ਨਜ਼ਰ ਆਉਂਦੇ ਹਨ ਅਤੇ ਬਿਜਲੀ ਦੀਆਂ ਤਾਰਾਂ ਤੋਂ ਲੈ ਕੇ ਸਕੂਟਰਾਂ ਅਤੇ ਮੋਟਰਸਾਈਕਲਾਂ ਦੇ ਪਹੀਆਂ ਤੱਕ ਹਰ ਚੀਜ਼ ਵਿਚ ਇਹ ਡੋਰ ਆਸਾਨੀ ਨਾਲ ਫਸ ਜਾਂਦੀ ਹੈ ਅਤੇ ਨੁਕਸਾਨ ਪਹੁੰਚਾਉਂਦੀ ਹੈ।

ਦੂਜੇ ਪਾਸੇ ਚਾਈਨਾ ਡੋਰ ਦੇ ਮਾਮਲੇ ਵਿਚ ਕੋਈ ਸਖ਼ਤ ਕਾਨੂੰਨ ਨਾ ਹੋਣ ਕਾਰਨ ਪ੍ਰਸ਼ਾਸਨ ਅਤੇ ਪੁਲਸ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕਰ ਪਾ ਰਹੀ ਹੈ, ਕਿਉਂਕਿ ਧਾਰਾ 188 ਤਹਿਤ ਇਨ੍ਹਾਂ ਦੀ ਜ਼ਮਾਨਤ ਮੁਲਜ਼ਮ ਨੂੰ ਥਾਣੇ ਵਿਚ ਹੀ ਦੇ ਦਿੱਤੀ ਜਾਂਦੀ ਹੈ। ਇਸ ਖੂਨੀ ਡੋਰ ਦੀ ਸਟੋਰਜ਼ ਗਰਮੀਆਂ ਵਿਚ ਸ਼ੁਰੂ ਹੋ ਜਾਂਦੀ ਹੈ ਅਤੇ ਸਰਦੀਆਂ ਵਿਚ ਇਸ ਦੀ ਵਿਕਰੀ ਸਿਖ਼ਰ ’ਤੇ ਹੁੰਦੀ ਹੈ। ਸਥਿਤੀ ਇਸ ਪੱਧਰ ’ਤੇ ਪਹੁੰਚ ਜਾਂਦੀ ਹੈ ਕਿ ਲੋਹੜੀ ਦੇ ਤਿਉਹਾਰ ਤੋਂ ਇਕ-ਦੋ ਦਿਨ ਪਹਿਲਾਂ ਇਹ ਡੋਰ ਬੇਹੱਦ ਬਲੈਕ ਵਿਚ ਵਿੱਕਦੀ ਹੈ ਅਤੇ ਇਸ ਦੇ ਵਪਾਰੀ ਲੋਕਾਂ ਤੋਂ ਦੁੱਗਣੀ ਕੀਮਤ ਵਸੂਲਦੇ ਹਨ। ਲੋਹੜੀ ਦੇ ਤਿਉਹਾਰ ’ਚ ਅਜੇ ਕਰੀਬ ਇਕ ਹਫ਼ਤਾ ਬਾਕੀ ਹੈ ਪਰ ਇਹ ਖੂਨੀ ਡੋਰ ਹੁਣ ਤੋਂ ਹੀ ਅੰਦਰੂਨੀ ਖਾਤੇ ਵਿਚ ਖੂਬ ਵਿਕ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ

ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਕਰੇ ਸਖ਼ਤ ਕਾਰਵਾਈ : ਸ਼ਰਮਾ

ਆਰ. ਟੀ. ਆਈ. ਐਕਟੀਵਿਸ਼ਟ ਐਡਵੋਕੇਟ ਪੀ. ਸੀ. ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਹੋਰ ਸਖ਼ਤੀ ਕਰਨੀ ਚਾਹੀਦੀ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਕਾਨੂੰਨ ਵਿਚ ਸੋਧ ਕਰ ਕੇ ਇਸ ਨੂੰ ਸਖ਼ਤ ਬਣਾਇਆ ਜਾਵੇ। ਇਸ ਤੋਂ ਇਲਾਵਾ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿਚ ਵੱਖ-ਵੱਖ ਕੈਂਪ ਲਗਾਉਣ ਤਾਂ ਜੋ ਇਸ ਖੂਨੀ ਡੋਰ ਨਾਲ ਪਤੰਗ ਉਡਾਉਣ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News